ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ, 25 ਅਕਤੂਬਰ
ਦੀਵਾਲੀ ਦਾ ਤਿਉਹਾਰ ਨਿਊ ਚੰਡੀਗੜ੍ਹ ਦੇ ਪਿੰਡਾਂ ਮੁੱਲਾਂਪੁਰ ਗਰੀਬਦਾਸ, ਨਵਾਂ ਗਾਉਂ ਸਮੇਤ ਨੇੜਲੇ ਇਲਾਕੇ ਵਿੱਚ ਲੋਕਾਂ ਵੱਲੋਂ ਧੂਮਧਾਮ ਨਾਲ ਮਨਾਇਆ ਗਿਆ। ਸਰਕਾਰ ਦੇ ਰਾਤ 10 ਵਜੇ ਤੱਕ ਦੇ ਆਦੇਸ਼ਾਂ ਦੇ ਬਾਵਜੂਦ ਦੇਰ ਰਾਤ ਤੱਕ ਲੋਕਾਂ ਨੇ ਖੂਬ ਆਤਿਸ਼ਬਾਜ਼ੀ ਕੀਤੀ। ਮੁੱਲਾਂਪੁਰ ਗਰੀਬਦਾਸ, ਨਵਾਂ ਗਾਉਂ, ਪੜੌਲ, ਮਾਜਰਾ ਦੇ ਬਾਜ਼ਾਰਾਂ ਵਿੱਚ ਖ੍ਰੀਦਦਾਰੀ ਕਰਦਿਆਂ ਲੋਕਾਂ ਦੀ ਭੀੜ ਲੱਗੀ ਰਹੀ। ਦੁਕਾਨਦਾਰਾਂ ਵੱਲੋਂ ਆਪਣਾ ਸਾਮਾਨ ਦੁਕਾਨਾਂ ਤੋਂ ਬਾਹਰ ਰੱਖਣ ਕਾਰਨ ਰਾਹਗੀਰ ਲੋਕਾਂ ਨੂੰ ਆਪਣੇ ਵਾਹਨ ਖੜ੍ਹੇ ਕਰਨ ਅਤੇ ਚੱਲਣ ਵੇਲੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਾਰਾਂ, ਸਕੂਟਰਾਂ, ਮੋਟਰਸਾਈਕਲਾਂ ਦੇ ਖੜ੍ਹਨ ਲਈ ਕੋਈ ਪਾਰਕਿੰਗ ਲਈ ਥਾਂ ਨਿਸ਼ਚਿਤ ਨਾ ਹੋਣ ਕਾਰਨ ਬਾਜ਼ਾਰਾਂ ਵਿੱਚ ਵਾਹਨਾਂ ਦੀ ਆਮਦ ਕਰਕੇ ਭੀੜ ਭੜੱਕਾ ਰਿਹਾ। ਆਪਣੇ ਵਾਹਨ ਖੜ੍ਹਾਉਣ ਲਈ ਲੋਕ ਆਪਸ ਵਿੱਚ ਖਹਬਿੜਦੇ ਰਹੇ।
ਕੁਰਾਲੀ (ਪੱਤਰ ਪ੍ਰੇਰਕ): ਦੀਵਾਲੀ ਅਤੇ ਬੰਦੀ ਛੋੜ ਦਿਵਸ ਭਾਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਲੋਕਾਂ ਨੇ ਪਾਠ ਪੂਜਾ ਕੀਤੀ ਅਤੇ ਘਰਾਂ ’ਤੇ ਦੀਪਮਾਲਾ ਕੀਤੀ। ਸ਼ਾਮ ਹੁੰਦਿਆਂ ਹੀ ਲੋਕਾਂ ਨੇ ਮੱਥਾ ਟੇਕਣ ਅਤੇ ਦੀਵੇ ਜਗਾਉਣ ਲਈ ਧਾਰਮਿਕ ਸਥਾਨਾਂ ਵੱਲ ਵਹੀਰਾਂ ਘੱਤ ਦਿੱਤੀਆਂ ਅਤੇ ਪਰਿਵਾਰਾਂ ਸਮੇਤ ਮੱਥਾ ਟੇਕਿਆ। ਇਸੇ ਦੌਰਾਨ ਲੋਕਾਂ ਨੇ ਦੇਰ ਰਾਤ ਤੱਕ ਖੂਬ ਆਤਿਸਬਾਜ਼ੀ ਚਲਾਈ।
ਖਰੜ (ਪੱਤਰ ਪ੍ਰੇਰਕ): ਦੀਵਾਲੀ ਦਾ ਤਿਉਹਾਰ ਸ਼ਹਿਰ ਅਤੇ ਨੇੜਲੇ ਖੇਤਰਾਂ ਵਿੱਚ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਬਾਜ਼ਾਰਾਂ ਦੇ ਵਿੱਚ ਜ਼ਬਰਦਸਤ ਰੌਣਕਾਂ ਰਹੀਆਂ ਅਤੇ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਖਰੀਦੋ-ਫਰੋਖਤ ਕੀਤੀ। ਸ਼ਾਮ ਵੇਲੇ ਧਾਰਮਿਕ ਸਦਭਾਵਨਾ ਦਾ ਨਜ਼ਾਰਾ ਦੇਖਣ ਨੂੰ ਮਿਲਿਆ, ਜਦੋਂ ਸਾਰੇ ਧਰਮਾਂ ਨਾਲ ਸਬੰਧਤ ਲੋਕਾਂ ਵੱਲੋਂ ਇੱਥੋਂ ਦੇ ਸ਼ਮਸ਼ਾਨਘਾਟ, ਰਾਮ ਬਾਗ ਅਤੇ ਪ੍ਰਸਿੱਧ ਮਹਾਰਾਜਾ ਸਰੋਵਰ ਅਤੇ ਧਾਰਮਿਕ ਸਥਾਨਾਂ ’ਤੇ ਦੀਵੇ ਜਗਾਏ ਗਏ।
ਲਾਲੜੂ (ਪੱਤਰ ਪ੍ਰੇਰਕ): ਇਲਾਕੇ ਵਿੱਚ ਦੀਵਾਲੀ ਅਤੇ ਬੰਦੀ ਛੋੜ ਦਿਵਸ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਜ਼ਿਕਰਯੋਗ ਹੈ ਕਿ ਦੋ ਸਾਲ ਦੇ ਕਰੋਨਾ ਕਾਲ ਦੇ ਸਤਾਏ ਲੋਕ ਵੱਡੀ ਗਿਣਤੀ ਵਿੱਚ ਸ਼ਹਿਰਾਂ ਦੇ ਬਾਜ਼ਾਰਾਂ ਵਿੱਚ ਨਿਕਲੇ ਅਤੇ ਉਨ੍ਹਾਂ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਖੁੱਲ੍ਹ ਕੇ ਖ੍ਰੀਦਦਾਰੀ ਕੀਤੀ। ਲੋਕਾਂ ਨੇ ਆਪੋ-ਆਪਣੇ ਪਿੰਡਾਂ ਵਿੱਚ ਜਾ ਕੇ ਵੱਡੇ ਵਡੇਰਿਆਂ ਨੂੰ ਮੱਥਾ ਟੇਕ ਕੇ ਯਾਦ ਕੀਤਾ।
ਚਮਕੌਰ ਸਾਹਿਬ ਦੇ ਗੁਰੂ ਘਰਾਂ ’ਚ ਦੀਪਮਾਲਾ
ਚਮਕੌਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਚਮਕੌਰ ਸਾਹਿਬ ਅਤੇ ਨਜ਼ਦੀਕੀ ਕਸਬੇ ਬੇਲਾ ਤੇ ਬਹਿਰਾਮਪੁਰ ਬੇਟ ਸਮੇਤ ਇਲਾਕੇ ਦੇ ਪਿੰਡਾਂ ਵਿੱਚ ਦੀਵਾਲੀ ਦਾ ਤਿਉਹਾਰ ਲੋਕਾਂ ਨੇ ਬੜੇ ਅਮਨ ਸ਼ਾਂਤੀ ਨਾਲ ਮਨਾਇਆ। ਦੀਵਾਲੀ ਤੇ ਬੰਦੀ ਛੋੜ ਦਿਵਸ ਮੌਕੇ ਇੱਥੋਂ ਦੇ ਗੁਰੂ ਘਰਾਂ ਵਿੱਚ ਦੀਪਮਾਲਾ ਕੀਤੀ ਗਈ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਗੁਰਧਾਮਾਂ ਵਿਖੇ ਨਤਮਸਤਕ ਹੋਈਆਂ। ਇਸ ਮੌਕੇ ਮਠਿਆਈਆਂ, ਇਲੈਕਟ੍ਰਾਨਿਕ ਵਸਤਾਂ ਅਤੇ ਭਾਂਡਿਆਂ ਦੀ ਵਿਕਰੀ ਚੰਗੀ ਰਹੀ, ਉੱਥੇ ਹੀ ਪਟਾਕਿਆਂ ਦੀ ਵਿਕਰੀ ਵਿੱਚ ਵੀ ਅੱਗੇ ਨਾਲੋਂ ਤੇਜ਼ੀ ਦਿਖੀ। ਦੂਜੇ ਪਾਸੇ ਭਾਂਵੇ ਸਿਹਤ ਵਿਭਾਗ ਨੇ ਵੱਡੀ ਪੱਧਰ ’ਤੇ ਘਟੀਆ ਮਠਿਆਈਆਂ ’ਤੇ ਵੇਚਣ ਵਿਰੁੱਧ ਕਾਰਵਾਈ ਕਰਨ ਦੇ ਬਿਆਨ ਦਿੱਤੇ ਸਨ ਪਰ ਇਲਾਕੇ ਵਿੱਚ ਕੁਝ ਕੁ ਨੂੰ ਛੱਡ ਕੇ ਬਹੁਤੇ ਦੁਕਾਨਦਾਰਾਂ ਨੇ ਘਟੀਆ ਮਿਆਰ ਦੀ ਮੁੱਲ ਮੰਗਵਾਈ ਹੋਈ ਮਠਿਆਈ ਹੀ ਵੇਚੀ।
ਜ਼ੀਰਕਪੁਰ, ਡੇਰਾਬੱਸੀ ਅਤੇ ਅੰਬਾਲਾ ਵਿੱਚ ਅੱਗ ਦੀਆਂ ਘਟਨਾਵਾਂ
ਜ਼ੀਰਕਪੁਰ/ਡੇਰਾਬੱਸੀ (ਨਿੱਜੀ ਪੱਤਰ ਪ੍ਰੇਰਕ): ਦੀਵਾਲੀ ਦੀ ਰਾਤ ਇਲਾਕੇ ਵਿੱਚ ਪਟਾਕਿਆਂ ਨਾਲ ਵੱਖ-ਵੱਖ ਥਾਵਾਂ ’ਤੇ ਅੱਗ ਲੱਗਣ ਦੇ ਮਾਮਲੇ ਸਾਹਮਣੇ ਆਏ ਹਨ। ਦੂਜੇ ਪਾਸੇ ਸਿਵਲ ਹਸਪਤਾਲ ਡੇਰਾਬੱਸੀ ਵਿੱਚ 16 ਜਣੇ ਪਟਾਕਿਆਂ ਨਾਲ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜ਼ਖ਼ਮੀਆਂ ਵਿੱਚ ਬੱਚਿਆਂ ਦੀ ਗਿਣਤੀ ਵੱਧ ਸੀ। ਫਾਇਰ ਬ੍ਰਿਗੇਡ ਤੋਂ ਮਿਲੀ ਜਾਣਕਾਰੀ ਅਨੁਸਾਰ ਲੰਘੀ ਰਾਤ ਜ਼ੀਰਕਪੁਰ ਵਿੱਚ ਸੱਤ ਥਾਵਾਂ ’ਤੇ ਅੱਗ ਲੱਗੀ ਹੈ। ਇਸੇ ਤਰ੍ਹਾਂ ਡੇਰਬੱਸੀ ਖੇਤਰ ਵਿੱਚ ਚਾਰ ਥਾਵਾਂ ’ਤੇ ਅੱਗ ਲੱਗਣ ਦੀ ਸੂਚਨਾ ਪ੍ਰਾਪਤ ਹੋਈ ਹੈ। ਸਿਵਲ ਹਸਪਤਾਲ ਡੇਰਾਬੱਸੀ ਦੇ ਐੱਸਐੱਮਓ ਡਾ. ਧਰਮਿੰਦਰ ਸਿੰਘ ਨੇ ਕਿਹਾ ਕਿ ਹਸਪਤਾਲ ਵਿੱਚ ਵੱਖ-ਵੱਖ ਥਾਵਾਂ ਤੋਂ 16 ਜਣੇ ਜ਼ਖ਼ਮੀ ਹਸਪਤਾਲ ਵਿੱਚ ਪਹੁੰਚੇ ਸੀ, ਜਿਨ੍ਹਾਂ ਨੂੰ ਡਾਕਟਰੀ ਸਹਾਇਤਾ ਦੇਣ ਮਗਰੋਂ ਛੁੱਟੀ ਕਰ ਦਿੱਤੀ ਸੀ।
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਅੰਬਾਲਾ ਜ਼ਿਲ੍ਹੇ ਵਿਚ 6 ਥਾਵਾਂ ’ਤੇ ਅੱਗ ਲੱਗਣ ਦੀ ਜਾਣਕਾਰੀ ਮਿਲੀ ਹੈ। ਇਸ ਅੱਗ ਨਾਲ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਅੰਬਾਲਾ ਸ਼ਹਿਰ ਦੇ ਜਗਾਧਰੀ ਗੇਟ, ਫਰੈਂਡਜ਼ ਕਲੋਨੀ, ਸੈਕਟਰ-1 ਅੰਬਾਲਾ ਕੈਂਟ ਦੇ ਪੂਜਾ ਪੈਟਰੋਲ ਪੰਪ ਲਾਗੇ, ਹਾਊਸਿੰਗ ਬੋਰਡ ਅਤੇ ਕਾਲਾ ਅੰਬ ਸਥਿਤ ਸ਼ਿਵ ਸ਼ਕਤੀ ਇਲੈਕਟ੍ਰੀਕਲ ਦੇ ਕੋਲ ਅੱਗ ਲੱਗ ਗਈ।