ਹਰਜੀਤ ਸਿੰਘ
ਡੇਰਾਬੱਸੀ, 4 ਮਾਰਚ
ਇੱਥੋਂ ਦੀ ਢਕੋਲੀ ਸੜਕ ’ਤੇ ਅੱਜ ਦੇਰ ਸ਼ਾਮ ਓਵਰਟੇਕ ਦੇ ਮੁੱਦੇ ’ਤੇ ਐਕਟਿਵਾ ਸਵਾਰ ਦੋ ਨੌਜਵਾਨਾਂ ਨੇ ਇਨੋਵਾ ਸਵਾਰ ਦੋ ਕੁੜੀਆਂ ਦੀ ਗੱਡੀ ਦੇ ਸ਼ੀਸ਼ੇ ਇੱਟਾਂ ਮਾਰ ਕੇ ਭੰਨ ਦਿੱਤੇ। ਕੁੜੀਆਂ ਵੱਲੋਂ ਮੁਬਾਰਕਪੁਰ ਦੇ ਰਹਿਣ ਵਾਲੇ ਦੋ ਨੌਜਵਾਨਾਂ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਇਸ ਸਬੰਧੀ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਮਿਸ਼ੀਕਾ ਵਾਸੀ ਪਾਲਮ ਹਾਈਟਸ ਅਤੇ ਪ੍ਰਦੀਪ ਕੌਰ ਵਾਸੀ ਪਿੰਡ ਈਸਾਪੁਰ ਨੇ ਦੱਸਿਆ ਕਿ ਉਹ ਚੰਡੀਗੜ੍ਹ ਤੋਂ ਪੜ੍ਹਾਈ ਕਰ ਕੇ ਇਨੋਵਾ ਗੱਡੀ ਵਿੱਚ ਆਪਣੇ ਘਰ ਆ ਰਹੀਆਂ ਸਨ। ਗੱਡੀ ਮਿਸ਼ੀਕਾ ਚਲਾ ਰਹੀ ਸੀ। ਇਸ ਦੌਰਾਨ ਰਾਹ ਵਿੱਚ ਜਾਮ ਹੋਣ ਕਾਰਨ ਉਨ੍ਹਾਂ ਦੀ ਗੱਡੀ ਅੱਗੇ ਦੋ ਨੌਜਵਾਨ ਐਕਟਿਵਾ ’ਤੇ ਜਾ ਰਹੇ ਸਨ। ਉਹ ਲੜਕੇ ਕਾਫੀ ਦੇਰ ਤੋਂ ਉਨ੍ਹਾਂ ਨੂੰ ਅੱਗੇ ਨਹੀਂ ਸੀ ਜਾਣ ਦੇ ਰਹੇ, ਜਿਸ ਕਰ ਕੇ ਲੜਕੀਆਂ ਨੇ ਗੱਡੀ ਨੂੰ ਥੋੜਾ ਤੇਜ਼ ਕਰ ਕੇ ਅੱਗੇ ਕੱਢ ਲਿਆ। ਇਸ ਤੋਂ ਐਕਟਿਵਾ ਸਵਾਰ ਲੜਕੇ ਭੜਕ ਗਏ ਅਤੇ ਉਨ੍ਹਾਂ ਨੇ ਸਕੂਟਰ ਉਨ੍ਹਾਂ ਦੇ ਪਿੱਛੇ ਲਗਾ ਕੇ ਮੁਬਾਰਕਪੁਰ ਕੋਲ ਇੱਟਾਂ ਨਾਲ ਲੜਕੀਆਂ ਦੀ ਗੱਡੀ ਦੇ ਸ਼ੀਸ਼ੇ ਭੰਨ੍ਹ ਦਿੱਤੇ। ਲੜਕਦੀਆਂ ਨੇ ਮਾਮਲੇ ਦੀ ਸ਼ਿਕਾਇਤ ਮੁਬਾਰਕਪੁਰ ਪੁਲੀਸ ਚੌਕੀ ਵਿੱਚ ਕੀਤੀ ਗਈ। ਮੁਬਾਰਕਪੁਰ ਪੁਲੀਸ ਚੌਕੀ ਦੇ ਇੰਚਾਰਜ ਅਰਸ਼ਦੀਪ ਸ਼ਰਮਾ ਨੇ ਦੱਸਿਆ ਕਿ ਕੁੜੀਆਂ ਵੱਲੋਂ ਮੁਬਾਰਕਪੁਰ ਦੇ ਰਹਿਣ ਵਾਲੇ ਦੋ ਲੜਕਿਆਂ ਖ਼ਿਲਾਫ਼ ਸ਼ਿਕਾਇਤ ਦਿੱਤੀ ਗਈ ਹੈ। ਮਾਮਲੇ ਦੀ ਜਾਂਚ ਪੂਰੀ ਹੋਣ ਮਗਰੋਂ ਕਾਰਵਾਈ ਕੀਤੀ ਜਾਏਗੀ।