ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 1 ਮਾਰਚ
ਚੰਡੀਗੜ੍ਹ ਵਿੱਚ ਐਂਟਰੀ ਫ਼ੀਸ ਵਸੂਲੀ ਦੇ ਮਾਮਲੇ ਨੂੰ ਲੈ ਕੇ ਓਲਾ ਕੈਬ ਅਤੇ ਊਬਰ ਕੈਬ ਚਾਲਕ ਅੱਜ ਸੜਕਾਂ ’ਤੇ ਉਤਰ ਆਏ ਤੇ ਆਪਣੇ ਵਾਹਨਾਂ ਦਾ ਚੱਕਾ ਜਾਮ ਕਰ ਕੇ ਪੁੱਡਾ ਗਰਾਊਂਡ ਵਿੱਚ ਰੋਸ ਮੁਜ਼ਾਹਰਾ ਕੀਤਾ। ਉਨ੍ਹਾਂ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਗੈਰ-ਕਾਨੂੰਨੀ ਟੈਕਸੀਆਂ ਦਾ ਧੰਦਾ ਧੜੱਲੇ ਨਾਲ ਚੱਲਣ ਦਾ ਦੋਸ਼ ਲਾਇਆ।
ਇਸ ਮੌਕੇ ਖਾਲਸਾ ਟੈਕਸੀ ਯੂਨੀਅਨ ਦੇ ਪ੍ਰਧਾਨ ਗੁਰਮੀਤ ਸਿੰਘ ਸਮੇਤ ਹੋਰਨਾਂ ਕੈਬ ਚਾਲਕਾਂ ਸਤਨਾਮ ਸਿੰਘ, ਨਿਰਮਲ ਸਿੰਘ, ਦਵਿੰਦਰ ਸਿੰਘ, ਜਸਪ੍ਰੀਤ ਸਿੰਘ, ਸੰਦੀਪ ਸਿੰਘ ਅਤੇ ਬਿਕਰਮ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਉਹ ਕਈ ਵਾਰ ਸਟੇਟ ਟਰਾਂਸਪੋਰਟ ਕਮਿਸ਼ਨਰ, ਮੁਹਾਲੀ ਦੇ ਡਿਪਟੀ ਕਮਿਸ਼ਨਰ ਅਤੇ ਖੇਤਰੀ ਟਰਾਂਸਪੋਰਟ ਅਫ਼ਸਰ (ਆਰਟੀਏ) ਨੂੰ ਸ਼ਿਕਾਇਤਾਂ ਦੇ ਚੁੱਕੇ ਹਨ ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਨੌਜਵਾਨਾਂ ਨੇ ਬੜੀ ਮੁਸ਼ਕਲ ਨਾਲ ਬੈਂਕਾਂ ਤੋਂ ਕਰਜ਼ਾ ਲੈ ਕੇ ਓਲਾ ਕੈਬ ਅਤੇ ਊਬਰ ਕੈਬ ਕੰਪਨੀ ਵਿੱਚ ਆਪਣੇ ਵਾਹਨ ਪਾਏ ਸਨ ਪਰ ਹੁਣ ਚੰਡੀਗੜ੍ਹ ਪ੍ਰਸ਼ਾਸਨ ਨੇ ਐਂਟਰੀ ਫ਼ੀਸ ਜਮ੍ਹਾਂ ਕਰਵਾਉਣ ਲਈ ਕਹਿ ਦਿੱਤਾ ਹੈ ਅਤੇ ਬਿਨਾਂ ਫ਼ੀਸ ਤੋਂ ਸਵਾਰੀਆਂ ਲੈ ਕੇ ਚੰਡੀਗੜ੍ਹ ਜਾਣ ’ਤੇ ਉਨ੍ਹਾਂ ਦੇ ਚਲਾਨ ਕੀਤੇ ਜਾਂਦੇ ਹਨ, ਜਦੋਂਕਿ ਐਂਟਰੀ ਫ਼ੀਸ ਦੇਣੀ ਕੰਪਨੀਆਂ ਦੀ ਜ਼ਿੰਮੇਵਾਰੀ ਹੈ ਪਰ ਪ੍ਰਸ਼ਾਸਨ ਅਤੇ ਪੁਲੀਸ ਵੱਲੋਂ ਚਾਲਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਇਸ ਮੌਕੇ ਕੈਬ ਚਾਲਕਾਂ ਨੇ ਦੋਸ਼ ਲਾਇਆ ਕਿ ਇੱਕ ਪ੍ਰਾਈਵੇਟ ਕੰਪਨੀ ਅਧਿਕਾਰੀਆਂ ਨਾਲ ਮਿਲ ਕੇ ਟੈਕਸੀਆਂ ਚਲਾ ਰਹੀ ਹੈ ਜਦੋਂਕਿ ਸਬੰਧਤ ਕੰਪਨੀ ਕੋਲ ਟੈਕਸੀ ਚਲਾਉਣ ਦਾ ਕੋਈ ਅਧਿਕਾਰਤ ਲਾਇਸੈਂਸ ਵੀ ਨਹੀਂ ਹੈ ਅਤੇ ਇਸ ਕੰਪਨੀ ਦੀ ਐਪ ’ਤੇ ਟੈਕਸੀ ਬੁੱਕ ਲਈ ਚਾਲਕਾਂ ਦੀ ਸਿੱਧੀ ਬੋਲੀ ਲੱਗਦੀ ਹੈ। ਸਵਾਰੀ ਨੇ ਜਿੱਥੇ ਜਾਣਾ ਹੁੰਦਾ ਹੈ, ਉਸ ਦਾ ਰੇਟ ਵੀ ਖ਼ੁਦ ਦਿੱਤਾ ਜਾਂਦਾ ਹੈ, ਜਿਸ ਕਾਰਨ ਓਲਾ ਅਤੇ ਊਬਰ ਕੈਬ ਚਾਲਕਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਇਹੀ ਨਹੀਂ ਇਹ ਕੰਪਨੀ ਪ੍ਰਾਈਵੇਟ ਵਾਹਨਾਂ ਨੂੰ ਗਲਤ ਤਰੀਕੇ ਨਾਲ ਟੈਕਸੀ ਚਲਾਉਣ ਦਾ ਪਰਮਿਟ ਦੇ ਰਹੀ ਹੈ। ਇਸ ਸਬੰਧੀ ਅਧਿਕਾਰੀਆਂ ਨੂੰ ਕਈ ਸਬੂਤ ਦਿੱਤੇ ਜਾ ਚੁੱਕੇ ਹਨ ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਮੰਗ ਕੀਤੀ ਕਿ ਫਰਜ਼ੀ ਪ੍ਰਾਈਵੇਟ ਕੰਪਨੀ ਦੀਆਂ ਗਤੀਵਿਧੀਆਂ ’ਤੇ ਰੋਕ ਲਾਈ ਜਾਵੇ ਅਤੇ ਉਨ੍ਹਾਂ ਨੂੰ ਚੰਡੀਗੜ੍ਹ ਐਂਟਰੀ ਫ਼ੀਸ ਤੋਂ ਰਾਹਤ ਦਿਵਾਈ ਜਾਵੇ।