ਪੱਤਰ ਪ੍ਰੇਰਕ
ਕੁਰਾਲੀ, 19 ਅਗਸਤ
ਇੱਥੋਂ ਨੇੜਲੇ ਪਿੰਡ ਸਿੰਘਪੁਰਾ ਦੇ ਜਲਘਰ ਦਾ ਦੌਰਾ ਕਰਨ ਲਈ ਅੱਜ ਵੱਖ-ਵੱਖ ਸੂਬਿਆਂ ਦੇ ਅਧਿਕਾਰੀ ਪੁੱਜੇ। ਟੀਮ ਨੇ ਪਿੰਡ ਵਿੱਚ ਪੀਣ ਵਾਲੇ ਪਾਣੀ ਅਤੇ ਸੀਵਰੇਜ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਪਿੰਡ ਪੱਧਰ ’ਤੇ ਕੀਤੇ ਇਨ੍ਹਾਂ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਅਤੇ ਪਿੰਡ ਲਈ ਵਿਸ਼ੇਸ਼ ਸਨਮਾਨ ਦੀ ਸਿਫ਼ਾਰਸ਼ ਵੀ ਕੀਤੀ।
ਕੇਂਦਰ ਸਰਕਾਰ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰਾਲੇ ਦੇ ਨੈਸ਼ਨਲ ਜਲ ਜੀਵਨ ਮਿਸ਼ਨ ਦੇ ਅਧਿਕਾਰੀਆਂ ਪ੍ਰਮੋਧ ਕਾਲੀਆ ਤੇ ਕਮਲ ਕ੍ਰਿਸ਼ਨ ਦੀ ਅਗਵਾਈ ਵਿੱਚ ਪੰਜਾਬ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੇ ਅਧਿਕਾਰੀਆਂ ਦੀ ਟੀਮ ਪਿੰਡ ਪੱਧਰ ’ਤੇ ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਸੀਵਰੇਜ ਦੇ ਪ੍ਰਬੰਧ ਦੇਖਣ ਲਈ ਸਿੰਘਪੁਰਾ ਪੁੱਜੀ। ਟੀਮ ਨੇ ਪਿੰਡ ਦਾ ਦੌਰਾ ਕਰਦਿਆਂ ਪਤਵੰਤਿਆਂ ਨਾਲ ਗੱਲਬਾਤ ਕੀਤੀ ਤੇ ਜਲਘਰ ਦਾ ਰਿਕਾਰਡ ਤੇ ਹੋਰ ਪ੍ਰਬੰਧ ਦੇਖੇ। ਉਨ੍ਹਾਂ ਪਿੰਡ ਦੀ ਜਲ ਸਪਲਾਈ ਤੇ ਸੈਨੀਟੇਸ਼ਟਨ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਇਸ ਜਲਘਰ ਤੋਂ ਪਿੰਡ ਵਾਸੀਆਂ ਨੂੰ ਮਿਲ ਰਹੀ 24 ਘੰਟੇ ਨਿਰਵਿਘਨ ਪਾਣੀ ਦੀ ਸਪਲਾਈ ਸਬੰਧੀ ਕੀਤੇ ਪ੍ਰਬੰਧਾਂ ਸਬੰਧੀ ਜਾਣਕਾਰੀ ਹਾਸਲ ਕੀਤੀ।
ਜਲ ਸਪਲਾਈ ਤੇ ਸੈਨੀਟੇਸ਼ਨ ਕਮੇਟੀ ਦੇ ਚੇਅਰਮੈਨ ਤੇ ਸਰਪੰਚ ਸਾਧੂ ਸਿੰਘ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਵਿਸ਼ਵ ਬੈਂਕ ਵੱਲੋਂ ਸਰਕਾਰ ਅਤੇ ਪਿੰਡ ਵਾਸੀਆਂ ਦੀ ਭਾਗੀਦਾਰੀ ਨਾਲ ਜਲਘਰ ਸਥਾਪਿਤ ਕੀਤਾ ਗਿਆ ਹੈ। ਇਸ ਦੀ ਸਫਲਤਾ ਨੂੰ ਦੇਖਦਿਆਂ ਪਿੰਡ ਨੂੰ ਸੀਵਰੇਜ ਦਾ ਪ੍ਰਾਜੈਕਟ ਦਿੱਤਾ ਗਿਆ ਹੈ। ਦੋਵੇਂ ਪ੍ਰਾਜੈਕਟ ਸਫ਼ਲਤਾਪੂਰਵਕ ਚੱਲ ਰਹੇ ਹਨ।
ਪਿੰਡ ਦਾ ਦੌਰਾ ਕਰਨ ਉਪਰੰਤ ਪ੍ਰਮੋਧ ਕਾਲੀਆ, ਕਮਲ ਕ੍ਰਿਸ਼ਨ ਤੇ ਹੋਰਨਾਂ ਅਧਿਕਾਰੀਆਂ ਨੇ ਪਿੰਡ ਦੇ ਪਾਣੀ, ਸੀਵਰੇਜ ਅਤੇ ਸਫ਼ਾਈ ਆਦਿ ਦੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਸੂਬਾਈ ਤੇ ਕੌਮੀ ਸਨਮਾਨ ਸਬੰਧੀ ਟਿੱਪਣੀ ਵੀ ਦਰਜ ਕੀਤੀ।
ਇਸ ਮੌਕੇ ਸਾਬਕਾ ਸਰਪੰਚ ਜਗਨਾਹਰ ਸਿੰਘ, ਬਲਜੀਤ ਸਿੰਘ, ਮੱਘਰ ਸਿੰਘ, ਜ਼ੈਲਦਾਰ ਕੁਲਵਿੰਦਰ ਸਿੰਘ, ਚੰਦਨਦੀਪ ਸਿੰਘ, ਮਹਿੰਦਰ ਸਿੰਘ, ਹਰਜੀਤਪਾਲ ਸਿੰਘ, ਦੀਪ ਸਿੰਘ ਅਤੇ ਗੁਰਨਾਮ ਸਿੰਘ ਆਦਿ ਵੀ ਹਾਜ਼ਰ ਸਨ।