ਦਫ਼ਤਰਾਂ ਨੂੰ ਜ਼ਰੂਰਤ ਅਨੁਸਾਰ ਸਟਾਫ਼ ਸੱਦਣ ਦੀਆਂ ਹਦਾਇਤਾਂ

ਦਫ਼ਤਰਾਂ ਨੂੰ ਜ਼ਰੂਰਤ ਅਨੁਸਾਰ ਸਟਾਫ਼ ਸੱਦਣ ਦੀਆਂ ਹਦਾਇਤਾਂ

ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਮੀਟਿੰਗ ਦੀ ਅਗਵਾਈ ਕਰਦੇ ਹੋਏ।

ਆਤਿਸ਼ ਗੁਪਤਾ
ਚੰਡੀਗੜ੍ਹ, 6 ਜੁਲਾਈ

ਸਿਟੀ ਬਿਊਟੀਫੁਲ ਵਿੱਚ ਕਰੋਨਾ ਦਾ ਪਾਜ਼ੇਟਿਵ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਯੂਟੀ ਪ੍ਰਸ਼ਾਸਨ ਪੁਰੀ ਤਰ੍ਹਾਂ ਚੌਕਸ ਹੋ ਗਿਆ ਹੈ।  ਇਸ ਗੱਲ ਦਾ ਪ੍ਰਗਟਾਵਾ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਕੋਵਿਡ-19 ਦੇ ਪ੍ਰਬੰਧੀ ਬਾਰੇ ਕੀਤੀ ਸਮੀਖਿਆ ਬੈਠਕ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਯੂਟੀ ਦੇ ਸਰਕਾਰੀ ਅਤੇ ਗੈਰ ਸਰਕਾਰੀ ਦਫ਼ਤਰ ਵੀ ਜ਼ਰੂਰਤ ਅਨੁਸਾਰ ਸਟਾਫ਼ ਸੱਦਣ ਅਤੇ ਵਧ ਤੋਂ ਵਧ ਕੰਮ ਘਰਾਂ ਵਿੱਚ ਬੈਠ ਕੇ ਹੀ ਕਰਵਾਇਆ ਜਾਵੇ।

ਸ੍ਰੀ ਬਦਨੌਰ ਨੇ ਸਰਕਾਰੀ/ਗੈਰ ਸਰਕਾਰੀ ਦਫ਼ਤਰਾਂ ਦੇ ਮੁਲਾਜ਼ਮਾਂ ਨੂੰ ਹਦਾਇਤ ਦਿੰਦਿਆਂ ਕਿਹਾ ਕਿ ਉਹ ਦਫ਼ਤਰ ਦੀ ਕੰਟੀਨ ਵਿੱਚ ਇਕੱਠੇ ਬੈਠ ਕੇ ਖਾਣਾ ਖਾਣ ਦੀ ਆਦਤ ਵਿੱਚ ਸੁਧਾਰ ਕਰਨ ਅਤੇ ਚਾਹ ਬਰੇਕ ਵਿੱਚ ਵੀ ਸੋਸ਼ਲ ਡਿਸਟੈਸਿੰਗ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਦਫ਼ਤਰਾਂ ਵਿੱਚ ਆਉਣ ਵਾਲੇ ਵਿਅਕਤੀ ਮਾਸਕ ਦੀ ਵਰਤੋਂ ਲਾਜ਼ਮੀ ਕਰਨ, ਜਿਸ ਦੀ ਉੱਚ ਅਧਿਕਾਰੀਆਂ ਵੱਲੋਂ ਚੈਕਿੰਗ ਕੀਤੀ ਜਾਵੇਗੀ ਅਤੇ ਜੇਕਰ ਕੋਈ ਬਿਨਾਂ ਮਾਸਕ ਤੋਂ ਪਾਇਆ ਗਿਆ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

ਯੂਟੀ ਦੇ ਪ੍ਰਸ਼ਾਸਕ ਨੇ ਸ਼ਹਿਰ ਵਿੱਚ ਬਾਹਰੋਂ ਆਉਣ ਵਾਲੇ ਵਿਅਕਤੀਆਂ ਸਬੰਧੀ ਚਿੰਤਾ ਜ਼ਾਹਿਰ ਕਰਦਿਆਂ ਆਦੇਸ਼ ਦਿੱਤੇ ਕਿ ਬਾਹਰੋਂ ਆਉਣ ਵਾਲੇ ਵਿਅਕਤੀਆਂ ਦੀ ਜਾਣਕਾਰੀ ਰੱਖੀ ਜਾਵੇ ਅਤੇ ਉਨ੍ਹਾਂ ਦੀ ਸਕਰੀਨਿੰਗ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਬਾਹਰੋਂ ਆਉਣ ਵਾਲੇ ਵਿਅਕਤੀ ਪ੍ਰਸ਼ਾਸਨ ਦੀ ਵੈੱਬਸਾਈਟ ’ਤੇ ਰਜਿਸਟਰਡ ਜ਼ਰੂਰ ਕਰਵਾਉਣ। ਸ਼ਹਿਰ ਵਿੱਚ ਤਿੰਨ ਦਿਨ ਤੋਂ ਵਧ ਰਹਿਣ ਵਾਲੇ ਵਿਅਕਤੀਆਂ ਨੂੰ ਇਕਾਂਤਵਾਸ ਵਿੱਚ ਰੱਖਿਆ ਜਾਵੇਗਾ ਜਦਕਿ ਵਿਦੇਸ਼ਾਂ ਤੋਂ ਆਉਣ ਵਾਲੇ ਐਨਆਰਆਈਜ਼ ਨੂੰ 7 ਦਿਨ ਹੋਟਲ ਵਿੱਚ ਅਤੇ 7 ਦਿਨ ਘਰ ਵਿੱਚ ਇਕਾਂਤਵਾਸ ਵਿੱਚ ਰੱਖਿਆ ਜਾਵੇਗਾ।

ਪੀਜੀਆਈ ਵਿੱਚ ਵਧ ਰਹੀ ਮਰੀਜ਼ਾਂ ਦੀ ਭੀੜ: ਡਾ. ਜਗਤ ਰਾਮ

ਇਸ ਮੌਕੇ ਪੀਜੀਆਈ ਦੇ ਡਾਇਰੈਕਟਰ ਡਾ. ਜਗਤ ਰਾਮ ਨੇ ਕਿਹਾ ਕਿ ਗੁਆਂਢੀ ਸੂਬਿਆਂ ਵੱਲੋਂ ਅਜਿਹੇ ਮਰੀਜ਼ਾਂ ਨੂੰ ਰੈਫ਼ਰ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦਾ ਜ਼ਿਲ੍ਹਾ ਪੱਧਰ ’ਤੇ ਇਲਾਜ ਹੋ ਸਕਦਾ ਹੈ। ਇਸ ਨਾਲ ਪੀਜੀਆਈ ਵਿੱਚ ਮਰੀਜ਼ਾਂ ਦੀ ਭੀੜ ਵਧਦੀ ਜਾ ਰਹੀ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਮੀਟਿੰਗ ਦੌਰਾਨ ਪ੍ਰਸ਼ਾਸਕ ਨੇ ਯੂਟੀ ਦੇ ਸਿਹਤ ਵਿਭਾਗ ਅਤੇ ਨਗਰ ਨਿਗਮ ਨੂੰ ਆਦੇਸ਼ ਦਿੱਤੇ ਕਿ ਸ਼ਹਿਰ ਵਿੱਚ ਲੋੜੀਂਦੇ ਪ੍ਰਬੰਧ ਕੀਤੇ ਜਾਣ, ਜਿਸ ਨਾਲ ਸ਼ਹਿਰ ’ਤੇ ਮੌਨਸੂਨ ਦਾ ਕੋਈ ਪ੍ਰਭਾਵ ਨਾ ਪਵੇ।

ਬਾਰ ਅਤੇ ਰੈਸਤਰਾਂ ’ਤੇ ਪਾਬੰਦੀ ਰਹੇਗੀ ਜਾਰੀ

ਚੰਡੀਗੜ੍ਹ ਦੇ ਬਾਰ ਅਤੇ ਰੈਸਤਰਾਂ ਵਿੱਚ ਸ਼ਰਾਬ ਦੀ ਵਰਤੋਂ ਸਬੰਧੀ ਕੀਤੀ ਜਾ ਰਹੀ ਬੇਨਤੀ ਸਬੰਧੀ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਕਿਹਾ ਕਿ ਸ਼ਹਿਰ ਦੇ ਬਾਰ ਅਤੇ ਰੈਸਤਰਾਂ ਬੰਦ ਰਹਿਣਗੇ। ਉਨ੍ਹਾਂ ਕਿਹਾ ਕਿ ਬਾਰ ਅਤੇ ਰੈਸਤਰਾਂ ਵਿੱਚ ਸ਼ਰਾਬ ਪੀਣ ਤੋਂ ਬਾਅਦ ਵਿਅਕਤੀ ਸਮਾਜਿਕ ਦੁੂਰੀ ਦੇ ਨਿਯਮਾਂ ਦੀ ਪਾਲਣਾ ਨਹੀਂ ਕਰ ਪਾਉਂਦਾ। ਵਿਆਹ ਵਿੱਚ ਸ਼ਰਾਬ ਦੀ ਵਰਤੋਂ ਸਬੰਧੀ ਪਰੀਦਾ ਨੇ ਸਪਸ਼ਟ ਕੀਤਾ ਕਿ ਵਿਆਹ ਸਮਾਗਮ ਵਿੱਚ 50 ਵਿਅਕਤੀਆਂ ਵਿੱਚੋਂ 10 ਵਿਅਕਤੀ ਸ਼ਰਾਬ ਪੀਣ ਵਾਲੇ ਹੋ ਸਕਦੇ ਹਨ ਜਿਨ੍ਹਾਂ ਵਿੱਚ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨਾ ਸੰਭਵ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All