ਕਰਮਜੀਤ ਸਿੰਘ ਚਿੱਲਾ
ਬਨੂੜ, 21 ਜੁਲਾਈ
ਇਥੋਂ ਦੇ ਵਾਰਡ ਨੰਬਰ-13 ਦੇ ਸਿਕਲੀਗਰ ਚੌਕ ਵਿੱਚ ਅੱਜ ਉਸ ਸਮੇਂ ਹਾਹਾਕਾਰ ਮਚ ਗਈ, ਜਦੋਂ ਅੱਧੀ ਦਰਜਨ ਵਿਅਕਤੀਆਂ ਨੇ ਨਗਰ ਕੌਂਸਲ ਵੱਲੋਂ ਇੰਟਰਲਾਕ ਟਾਈਲਾਂ ਲਗਾ ਕੇ ਪੱਕੇ ਕੀਤੇ ਜਨਤਕ ਚੌਕ ਉੱਤੇ ਸੀਮਿੰਟ ਦੇ ਪਿੱਲਰ ਲਗਾ ਕੇ ਕੰਢੇਦਾਰ ਤਾਰ ਲਗਾ ਦਿੱਤੀ ਗਈ। ਉਨ੍ਹਾਂ ਇਹ ਕਬਜ਼ਾ ਮਾਲ ਵਿਭਾਗ ਦੇ ਕਰਮਚਾਰੀਆਂ ਵੱਲੋਂ ਪੁਲੀਸ ਸੁਰੱਖਿਆ ਦੀ ਮੌਜੂਦਗੀ ਵਿੱਚ ਕੀਤੀ ਨਿਸ਼ਾਨਦੇਹੀ ਤੋਂ ਬਾਅਦ ਕੀਤਾ। ਮੌਕੇ ’ਤੇ ਇਕੱਤਰ ਹੋਏ ਰੋਸ ਵਿੱਚ ਆਏ ਵਾਰਡ ਵਾਸੀਆਂ ਨੇ ਪਿੱਲਰ ਅਤੇ ਤਾਰ ਪੁੱਟ ਸੁੱਟੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ। ਵਾਰਡ ਦੇ ਕੌਂਸਲਰ ਜਸਵੀਰ ਸਿੰਘ ਪੱਪੀ, ਸਮਾਜ ਸੇਵੀ ਅਵਤਾਰ ਸਿੰਘ, ਅਜੈਬ ਸਿੰਘ ਆਦਿ ਨੇ ਦੱਸਿਆ ਕਿ ਬਿਨਾਂ ਕਿਸੇ ਨੂੰ ਅਗਾਊਂ ਸੂਚਿਤ ਕੀਤਿਆਂ ਇਹ ਨਿਸ਼ਾਨਦੇਹੀ ਕੀਤੀ ਗਈ।
ਇਸ ਮੌਕੇ ਨਿਸ਼ਾਨਦੇਹੀ ਕਰਾ ਕੇ ਕਬਜ਼ਾ ਕਰਨ ਆਏ ਹਰਵਿੰਦਰ ਸਿੰਘ ਪਿੰਡ ਬਘੌਰਾ (ਘਨੋਰ) ਨੇ ਦੱਸਿਆ ਕਿ ਉਨ੍ਹਾਂ ਦੇਵੀ ਚੰਦ, ਬਰਖਿਆ ਰਾਮ ਤੇ ਰਾਮ ਚੰਦ ਤੋਂ 600 ਗਜ਼ ਥਾਂ ਦੀ ਖਰੀਦ ਕੀਤੀ ਸੀ। ਪਲਾਟ ਵੇਚਣ ਵਾਲੇ ਰਾਮ ਚੰਦ ਦੀ ਪਤਨੀ ਪਾਲ ਕੌਰ ਨੇ ਦੱਸਿਆ ਕਿ ਉਨ੍ਹਾਂ ਆਪਣੀ ਕਬਜ਼ੇ ਹੇਠਲੀ ਜ਼ਮੀਨ ਵੇਚੀ ਸੀ, ਨਾ ਕਿ ਗਲੀ ਅਤੇ ਚੌਕ। ਉਨ੍ਹਾਂ ਕਿਹਾ ਕਿ ਕਾਬਜ਼ਕਾਰ ਗਲਤ ਕਬਜ਼ਾ ਕਰ ਰਹੇ ਹਨ।
ਨਗਰ ਕੌਂਸਲ ਨੂੰ ਨਹੀਂ ਦਿੱਤੀ ਨਿਸ਼ਾਨਦੇਹੀ ਦੀ ਸੂਚਨਾ: ਈਓ
ਕੌਂਸਲ ਦੇ ਕਾਰਜਸਾਧਕ ਅਫ਼ਸਰ ਜਗਜੀਤ ਸਿੰਘ ਸ਼ਾਹੀ ਨੇ ਦੱਸਿਆ ਕਿ ਅੱਜ ਦੀ ਨਿਸ਼ਾਨਦੇਹੀ ਬਾਰੇ ਮਾਲ ਵਿਭਾਗ ਨੇ ਉਨ੍ਹਾਂ ਨੂੰ ਕੋਈ ਸੂਚਨਾ ਨਹੀਂ ਦਿੱਤੀ ਅਤੇ ਇਹ ਨਿਸ਼ਾਨਦੇਹੀ ਗੈਰਕਾਨੂੰਨੀ ਹੈ। ਉਹ ਵਿਭਾਗੀ ਕਾਰਵਾਈ ਕਰਨਗੇ।
ਦੁਬਾਰਾ ਹੋਵੇਗੀ ਮਿਣਤੀ
ਨਾਇਬ ਤਹਿਸੀਲਦਾਰ ਕੁਲਵਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਸਬੰਧਤ ਥਾਂ ਦੀ ਦੁਬਾਰਾ ਮਿਣਤੀ ਹੋਵੇਗੀ ਤੇ ਅੱਜ ਹੋਈ ਨਿਸ਼ਾਨਦੇਹੀ ਨੂੰ ਰੱਦ ਕਰ ਦਿੱਤਾ ਗਿਆ ਹੈ।