ਹਰਜੀਤ ਸਿੰਘ
ਡੇਰਾਬੱਸੀ, 11 ਅਗਸਤ
ਰਜਿਸਟਰੀਆਂ ਵਿੱਚ ਐੱਨ.ਓ.ਸੀ. ਦੀ ਸ਼ਰਤ ਨੂੰ ਲੈ ਕੇ ਲੰਘੇ ਦਿਨਾਂ ਤੋਂ ਸੰਘਰਸ਼ ਕਰ ਰਹੇ ਪ੍ਰਾਪਰਟੀ ਡੀਲਰ ਅੱਜ ਸ਼ਹਿਰ ਵਿਕਾਸ ਮੰਤਰੀ ਅਮਨ ਅਰੋੜਾ ਨੂੰ ਮਿਲੇ। ਇਸ ਦੌਰਾਨ ਸ੍ਰੀ ਅਰੋੜਾ ਨੇ ਪ੍ਰਾਪਰਟੀ ਡੀਲਰਾਂ ਨੂੰ ਭਰੋਸਾ ਦਿੱਤਾ ਕਿ ਆਉਣ ਵਾਲੇ ਦੋ ਹਫ਼ਤੇ ਵਿੱਚ ਇਸ ਸਮੱਸਿਆ ਦਾ ਹੱਲ ਕੱਢ ਲਿਆ ਜਾਵੇਗਾ। ਇਸ ਸਬੰਧੀ ਮੰਤਰੀ ਨੂੰ ਮਿਲਣ ਵਾਲੇ ਪ੍ਰਾਪਰਟੀ ਡੀਲਰ ਰਮੇਸ਼ ਰਾਣਾ, ਵਿਮਲ ਚੋਪੜਾ, ਸਿਮਰਨ ਸਿੰਘ ਵਿੱਕੀ ਕਾਲਰਾ, ਮੋਹਣ ਸੈਣੀ, ਮਨਿੰਦਰ ਸਿੰਘ ਪਪਨੇਜਾ, ਸੁਨੀਲ ਸੈਣੀ ਸਣੇ ਹੋਰਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਪਰਟੀ ਦੀ ਰਜਿਸਟਰੀਆਂ ਨੂੰ ਲੈ ਕੇ ਐੱਨ.ਓ.ਸੀ. ਦੀ ਸ਼ਰਤ ਲਾਉਣ ਨਾਲ ਉਨ੍ਹਾਂ ਦਾ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ, ਜਦਕਿ ਡੇਰਾਬੱਸੀ ਇਲਾਕੇ ਵਿੱਚ ਵੱਡੀ ਗਿਣਤੀ ਲੋਕ ਪ੍ਰਾਪਰਟੀ ਦੇ ਕਾਰੋਬਾਰ ਨਾਲ ਹੀ ਆਪਣਾ ਪਰਿਵਾਰ ਚਲਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਕਲੋਨੀਆਂ ਵਿੱਚ ਉਹ ਖਰੀਦਣ ਅਤੇ ਵੇਚਣ ਦਾ ਕੰਮ ਕਰ ਰਹੇ ਹਨ, ਉਹ ਕਲੋਨੀਆਂ ਲੰਮੇਂ ਸਮੇਂ ਤੋਂ ਵਿਕਸਤ ਹੋਈਆਂ ਹਨ, ਜਿਨ੍ਹਾਂ ਦੀ ਰਜਿਸਟਰੀਆਂ ਬੰਦ ਕਰਨ ਨਾਲ ਆਮ ਲੋਕਾਂ ਦੀ ਸਾਰੀ ਜ਼ਿੰਦਗੀ ਦੀ ਪੂੰਜੀ ਫੱਸ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਉਹ ਦੋ ਵਾਰ ਐੱਸ.ਡੀ.ਐੱਮ. ਦਫਤਰ ਵਿੱਚ ਧਰਨਾ ਵੀ ਦੇ ਚੁੱਕੇ ਹਨ। ਇਸੇ ਲਈ ਅੱਜ ਉਨ੍ਹਾਂ ਵੱਲੋਂ ਸ਼ਹਿਰ ਵਿਕਾਸ ਮੰਤਰੀ ਅਮਨ ਅਰੋੜਾ ਤੋਂ ਮਿਲਣ ਦਾ ਸਮਾਂ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਮੰਤਰੀ ਨੇ ਉਨ੍ਹਾਂ ਨੂੰ ਆਉਣ ਵਾਲੇ ਦੋ ਹਫ਼ਤੇ ਵਿੱਚ ਇਸ ਸਮੱਸਿਆ ਦਾ ਹੱਲ ਕੱਢਣ ਦਾ ਭਰੋਸਾ ਦਿੱਤਾ ਹੈ।