ਪੱਤਰ ਪ੍ਰੇਰਕ
ਚੰਡੀਗੜ੍ਹ, 17 ਅਕਤੂਬਰ
ਜੀ.ਐੱਮ.ਸੀ.ਐੱਚ. ਨਰਸਿਜ਼ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ ਜਿਸ ਵਿੱਚ ਨਰਸਾਂ ਦੀਆਂ ਸਮੱਸਿਆਵਾਂ ਅਤੇ ਮਸਲਿਆਂ ਬਾਰੇ ਚਰਚਾ ਕੀਤੀ ਗਈ।
ਐਸੋਸੀਏਸ਼ਨ ਦੇ ਪ੍ਰਧਾਨ ਦਬਕੇਸ਼ ਕੁਮਾਰ ਨੇ ਦੱਸਿਆ ਕਿ ਹਸਪਤਾਲ ਵਿੱਚ ਪਿਛਲੇ ਲੰਬੇ ਸਮੇਂ ਤੋਂ ਸਟਾਫ਼ ਦੀ ਘਾਟ ਚੱਲ ਰਹੀ ਹੈ। ਇਸ ਕਾਰਨ ਮੌਜੂਦਾ ਨਰਸਾਂ ਸਰੀਰਕ ਅਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹਨ।
ਉਨ੍ਹਾਂ ਦੱਸਿਆ ਕਿ ਨਰਸਿੰਗ ਕਰਮਚਾਰੀਆਂ ਅਤੇ ਹੋਰ ਵੱਖ-ਵੱਖ ਕਰਮਚਾਰੀਆਂ ਦੀ ਮੰਗ ’ਤੇ ਕੇਂਦਰ ਸਰਕਾਰ ਨੇ ਪਹਿਲੀ ਅਪਰੈਲ 2022 ਤੋਂ ਕੇਂਦਰੀ ਤਨਖਾਹ ਸਕੇਲ ਅਤੇ ਕੇਂਦਰੀ ਸੇਵਾ ਨਿਯਮਾਂ ਨੂੰ ਲਾਗੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜੋ 6 ਮਹੀਨੇ ਬਾਅਦ ਤੱਕ ਵੀ ਲਾਗੂ ਨਹੀਂ ਕੀਤਾ ਗਿਆ।
ਨਰਸਿਜ਼ ਵੈੱਲਫੇਅਰ ਐਸੋਸੀਏਸ਼ਨ ਜੀ.ਐੱਮ.ਸੀ.ਐੱਚ. ਸੈਕਟਰ 32, ਚੰਡੀਗੜ੍ਹ ਨੇ ਸਾਬਕਾ ਸੰਸਦ ਮੈਂਬਰ ਅਤੇ ਭਾਰਤ ਦੇ ਵਧੀਕ ਸਾਲਿਸਟਰ ਜਨਰਲ ਸੱਤਿਆਪਾਲ ਜੈਨ ਨੂੰ ਕੇਂਦਰੀ ਗ੍ਰਹਿ ਮੰਤਰੀ ਦੇ ਨਾਂ ਮੰਗ ਪੱਤਰ ਦਿੱਤਾ ਹੈ। ਮੰਗ ਪੱਤਰ ਵਿੱਚ ਕਿਹਾ ਗਿਆ ਕਿ ਮਨੁੱਖੀ ਹਿੱਤਾਂ ਅਤੇ ਮਰੀਜ਼ਾਂ ਦੀ ਸੇਵਾ ਨੂੰ ਦੇਖਦਿਆਂ ਨਰਸਾਂ ਸੜਕ ’ਤੇ ਨਹੀਂ ਆਉਣਾ ਚਾਹੁੰਦੀਆਂ ਪ੍ਰੰਤੂ ਪ੍ਰਸ਼ਾਸਨ ਦੇ ਨਰਸਿੰਗ ਵਿਰੋਧੀ ਰਵੱਈਏ ਨੂੰ ਦੇਖਦਿਆਂ ਨਰਸਾਂ ਜਲਦੀ ਹੀ ਪ੍ਰਦਰਸ਼ਨ ਕਰਨ ਲਈ ਮਜਬੂਰ ਹੋ ਜਾਣਗੀਆਂ। ਉਨ੍ਹਾਂ ਮੰਗ ਕੀਤੀ ਕਿ ਕੇਂਦਰੀ ਤਨਖਾਹ ਸਕੇਲ ਅਤੇ ਕੇਂਦਰੀ ਸੇਵਾ ਨਿਯਮਾਂ ਨੂੰ ਜਲਦੀ ਲਾਗੂ ਕੀਤਾ ਜਾਵੇ।