ਆਤਿਸ਼ ਗੁਪਤਾ
ਚੰਡੀਗੜ੍ਹ, 6 ਨਵੰਬਰ
ਕੇਂਦਰ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਦੇ ਆਬਕਾਰੀ ਟੈਕਸ ’ਤੇ ਦਿੱਤੀ ਛੋਟ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਕੀਮਤਾਂ ’ਚ ਕਟੌਤੀ ਕਰ ਦਿੱਤੀ ਜਿਸ ਨਾਲ ਚੰਡੀਗੜ੍ਹ ’ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਪੰਜਾਬ ਅਤੇ ਹਰਿਆਣਾ ਨਾਲੋਂ ਘੱਟ ਹੋ ਗਈਆਂ ਹਨ। ਇਸ ਕਾਰਨ ਚੰਡੀਗੜ੍ਹ ਦੇ ਪੰਜਾਬ ਅਤੇ ਹਰਿਆਣਾ ਬਾਰਡਰ ਦੇ ਨਾਲ ਲੱਗਦੇ ਪੈਟਰੋਲ ਪੰਪਾਂ ’ਤੇ ਸਾਰਾ ਦਿਨ ਲੋਕਾਂ ਦੀ ਭੀੜ ਲੱਗੀ ਰਹੀ ਜਦਕਿ ਪੰਜਾਬ ਦੇ ਪੈਟਰੋਲ ਪੰਪਾਂ ’ਤੇ ਸੰਨਾਟਾ ਪਸਰਿਆ ਰਿਹਾ। ਉੱਧਰ, ਹਰਿਆਣਾ ਦੇ ਪੈਟਰੋਲ ਪੰਪਾਂ ’ਤੇ ਵੀ ਕਾਰੋਬਾਰ ਠੰਢਾ ਰਿਹਾ।
ਯੂਟੀ ਪ੍ਰਸ਼ਾਸਨ ਨੇ ਦੀਵਾਲੀ ’ਤੇ ਸ਼ਹਿਰ ਵਾਸੀਆਂ ਨੂੰ ਤੋਹਫ਼ਾ ਦਿੰਦਿਆ ਕੇਂਦਰ ਸਰਕਾਰ ਦੇ ਫ਼ੈਸਲੇ ਤੋਂ ਤੁਰੰਤ ਬਾਅਦ ਕੀਮਤਾਂ ’ਚ ਕਟੌਤੀ ਕਰਨ ਦਾ ਐਲਾਨ ਕਰ ਦਿੱਤਾ ਸੀ। ਭਾਵੇਂ ਹਰਿਆਣਾ ਸਰਕਾਰ ਨੇ ਵੀ ਤੇਲ ਕੀਮਤਾਂ ’ਚ ਕਟੌਤੀ ਕਰ ਦਿੱਤੀ ਹੈ ਪਰ ਇਸ ਦੇ ਬਾਵਜੂਦ ਚੰਡੀਗੜ੍ਹ ’ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘੱਟ ਹਨ। ਅੱਜ ਚੰਡੀਗੜ੍ਹ ’ਚ ਪੈਟਰੋਲ ਦੀ ਕੀਮਤ 94.23 ਪੈਸੇ ਅਤੇ ਡੀਜ਼ਲ ਦੀ ਕੀਮਤ 80.90 ਪੈਸੈ ਪ੍ਰਤੀ ਲਿਟਰ ਹੈ। ਇਸੇ ਤਰ੍ਹਾਂ ਹਰਿਆਣਾ ’ਚ ਪੈਟਰੋਲ ਦੀ ਕੀਮਤ 95 ਰੁਪਏ ਅਤੇ ਡੀਜ਼ਲ 86 ਰੁਪਏ ਪ੍ਰਤੀ ਲਿਟਰ ਦੇ ਕਰੀਬ ਹੈ। ਪੰਜਾਬ ’ਚ ਪੈਟਰੋਲ ਦੀ ਕੀਮਤ 106.20 ਰੁਪਏ ਅਤੇ ਡੀਜ਼ਲ 90 ਰੁਪਏ ਪ੍ਰਤੀ ਲਿਟਰ ਹੈ।
ਪੰਜਾਬ ’ਚ ਚੰਡੀਗੜ੍ਹ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਨਾਲੋਂ ਤੇਲ ਕੀਮਤਾਂ ਕਾਫ਼ੀ ਵੱਧ ਹੋਣ ਕਾਰਨ ਜ਼ਿਆਦਾਤਰ ਪੰਜਾਬ ਦੇ ਲੋਕ ਵੀ ਇਨ੍ਹਾਂ ਸੂਬਿਆਂ ਤੋਂ ਤੇਲ ਪਵਾਉਂਦੇ ਦਿਖਾਈ ਦਿੱਤੇ ਜਿਸ ਕਾਰਨ ਪੰਜਾਬ ਦੇ ਪੈਟਰੋਲ ਪੰਪਾਂ ’ਤੇ ਕਾਰੋਬਾਰ ਠੰਢਾ ਰਿਹਾ। ਉੱਧਰ ਪੰਜਾਬ ਸਰਕਾਰ ਵੱਲੋਂ 7 ਨਵੰਬਰ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ’ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਤੇ ਵੱਡਾ ਫ਼ੈਸਲਾ ਲੈਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਜਿਸ ਬਾਰੇ ਮੀਟਿੰਗ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ।
ਪੈਟਰੋਲ ਪੰਪ ਮਾਲਕਾਂ ਦੀਆਂ ਮੁਸ਼ਕਲਾਂ ਵਧੀਆਂ
ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਪੰਜਾਬ ਦੇ ਆਗੂ ਅਸ਼ਿਵੰਦਰ ਮੁੰਗਿਆ ਨੇ ਕਿਹਾ ਕਿ ਪੰਜਾਬ ’ਚ ਪਹਿਲਾਂ ਦੀ ਤੇਲ ਕੀਮਤਾਂ ਬਹੁਤ ਜ਼ਿਆਦਾ ਸਨ। ਹੁਣ ਹਰਿਆਣਾ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਵੱਲੋਂ ਤੇਲ ਕੀਮਤਾਂ ਘਟਾਉਣ ਕਰਕੇ ਬਹੁਤ ਅੰਤਰ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ’ਚ ਹੋਰਨਾਂ ਸੂਬਿਆਂ ਨਾਲੋਂ ਡੀਜ਼ਲ ਦੀ ਕੀਮਤ 10 ਰੁਪਏ ਪ੍ਰਤੀ ਲਿਟਰ ਅਤੇ ਪੈਟਰੋਲ 11 ਤੋਂ 12 ਰੁਪਏ ਪ੍ਰਤੀ ਲਿਟਰ ਮਹਿੰਗਾ ਹੈ ਜਿਸ ਕਾਰਨ ਪੈਟਰੋਲ ਪੰਪਾਂ ਦਾ ਕਾਰੋਬਾਰ ਖਤਮ ਹੋਣ ਕੰਢੇ ਪਹੁੰਚ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਮੁਹਾਲੀ ’ਚ ਪਹਿਲਾਂ ਦੇ ਮੁਕਾਬਲੇ ਨਾਮਾਤਰ ਤੇਲ ਦੀ ਵਿਕਰੀ ਹੋਈ ਹੈ। ਜੇਕਰ ਅਜਿਹੀ ਹੀ ਰਿਹਾ ਤਾਂ ਆਉਣ ਵਾਲੇ ਦਿਨਾਂ ’ਚ ਪੈਟਰੋਲ ਪੰਪ ਮਾਲਕਾਂ ਦੀਆਂ ਮੁਸ਼ਕਲਾਂ ਹੋਰ ਵਧ ਜਾਣਗੀਆਂ।