ਕੁਲਦੀਪ ਿਸੰਘ
ਚੰਡੀਗੜ੍ਹ, 31 ਅਗਸਤ
ਕੇਂਦਰ ਸਰਕਾਰ ਵੱਲੋਂ ਐਲਾਨੀਆਂ ਗਈਆਂ ਜੇਈਈ ਅਤੇ ਨੀਟ ਦੀਆਂ ਪ੍ਰੀਖਿਆਵਾਂ ਦੇ ਵਿਰੋਧ ਵਿੱਚ ਵਿਦਿਆਰਥੀ ਜਥੇਬੰਦੀ ਐੱਨਐੱਸਯੂਆਈ ਵੱਲੋਂ ਸੈਕਟਰ-35 ਸਥਿਤ ਕਾਂਗਰਸ ਭਵਨ ਦੇ ਬਾਹਰ ਸ਼ੁਰੂ ਕੀਤੀ ਗਈ ਲਗਾਤਾਰ ਭੁੱਖ ਹੜਤਾਲ ਅੱਜ ਚੰਡੀਗੜ੍ਹ ਪੁਲੀਸ ਜ਼ਬਰਦਸਤੀ ਖ਼ਤਮ ਕਰਵਾ ਦਿੱਤੀ। ਪੁਲੀਸ ਨੇ ਹੜਤਾਲ ’ਤੇ ਬੈਠੇ ਵਿਦਿਆਰਥੀ ਆਗੂਆਂ ਮਨੋਜ ਲੁਬਾਣਾ ਅਤੇ ਵਿਦਿਆਰਥੀ ਕੌਂਸਲ ਦੇ ਵਾਈਸ ਪ੍ਰਧਾਨ ਰਾਹੁਲ ਕੁਮਾਰ ਨੂੰ ਧੱਕੇ ਨਾਲ ਚੁੱਕ ਕੇ ਹਸਪਤਾਲ ਪਹੁੰਚਾਇਆ ਜਿੱਥੇ ਦੋਵਾਂ ਦਾ ਮੈਡੀਕਲ ਕਰਵਾਉਣ ਉਪਰੰਤ ਅਤੇ ਜੂਸ ਪਿਲਾਉਣ ਉਪਰੰਤ ਵਾਪਿਸ ਭੇਜ ਦਿੱਤਾ। ਵਿਦਿਆਰਥੀ ਆਗੂ ਰਾਹੁਲ ਕੁਮਾਰ ਦਾ ਕਹਿਣਾ ਸੀ ਕਿ ਪੁਲੀਸ ਉਨ੍ਹਾਂ ਦੇ ਸੰਘਰਸ਼ ਨੂੰ ਜ਼ਬਰਦਸਤੀ ਖ਼ਤਮ ਕਰਵਾ ਕੇ ਲੋਕਤੰਤਰ ਦਾ ਕਤਲ ਕੀਤਾ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਵਿਦਿਆਰਥੀ ਮੁੱਦਿਆਂ ਬਾਰੇ ਸੰਘਰਸ਼ ਲਗਾਤਾਰ ਜਾਰੀ ਰੱਖਿਆ ਜਾਵੇਗਾ। ਮਨੋਜ ਲੁਬਾਣਾ ਨੇ ਕਿਹਾ ਕਿ ਜਥੇਬੰਦੀ ਦੀਆਂ ਟੀਮਾਂ 1 ਸਤੰਬਰ ਨੂੰ ਹੋਣ ਜਾ ਰਹੀਆਂ ਪ੍ਰੀਖਿਆਵਾਂ ਦੇ ਮੱਦੇਨਜ਼ਰ ਪ੍ਰੀਖਿਆ ਕੇਂਦਰਾਂ ’ਤੇ ਪਹੁੰਚ ਕੇ ਪ੍ਰੀਖਿਆਰਥੀਆਂ ਦੀ ਮਦਦ ਕਰਨਗੀਆਂ। ਜਥੇਬੰਦੀ ਵੱਲੋਂ ਪ੍ਰੀਖਿਆਰਥੀਆਂ ਵਿਚਕਾਰ ਸੋਸ਼ਲ ਡਿਸਟੈਂਸ ਬਣਾਈ ਰੱਖਣ ਵਿੱਚ ਮਦਦ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਮਾਸਕ ਅਤੇ ਸੈਨੇਟਾਈਜ਼ਰ ਉਪਲੱਬਧ ਕਰਵਾਏ ਜਾਣਗੇ ਤਾਂ ਜੋ ਕੇਂਦਰ ਸਰਕਾਰ ਵੱਲੋਂ ਜ਼ਬਰਦਸਤੀ ਪ੍ਰੀਖਿਆਵਾਂ ਐਲਾਨ ਕੇ ਕਰੋਨਾ ਦੇ ਖ਼ਤਰੇ ਵਿੱਚ ਧਕੇਲੇ ਜਾ ਰਹੇ ਪ੍ਰੀਖਿਆਰਥੀਆਂ ਦੇ ਬਚਾਅ ਲਈ ਕਦਮ ਚੁੱਕੇ ਜਾਣ।