ਪੱਤਰ ਪ੍ਰੇਰਕ
ਚੰਡੀਗੜ੍ਹ, 1 ਜੁਲਾਈ
ਕੌਮਾਂਤਰੀ ਡਾਕਟਰ ਦਿਵਸ ਮੌਕੇ ਅੱਜ ਪੰਜਾਬ ਯੂਨੀਵਰਸਿਟੀ ਦੇ ਐੱਨ.ਐੱਸ.ਐੱਸ. ਵਾਲੰਟੀਅਰਾਂ ਵੱਲੋਂ ਡਾਕਟਰਾਂ ਨੂੰ ਸਲਾਮ ਕਰਨ ਲਈ ਸਰਕਾਰੀ ਮਲਟੀ ਸਪੈਸ਼ਿਲਿਟੀ ਹਸਪਤਾਲ ਸੈਕਟਰ-16 ਦਾ ਦੌਰਾ ਕੀਤਾ ਗਿਆ, ਜਿੱਥੇ ਉਨ੍ਹਾਂ ਆਪਣੇ ਹੱਥਾਂ ਵਿੱਚ ਡਾਕਟਰਾਂ ਦੀ ਸ਼ਲਾਘਾ ਕਰਨ ਵਾਲੇ ਸਲੋਗਨ ਲਿਖੇ ਪੋਸਟਰ ਫੜ ਕੇ ਡਾਕਟਰਾਂ ਨੂੰ ਸਲਾਮ ਕੀਤਾ। ਐੱਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰ ਗੌਰਵ ਗੌੜ ਨੇ ਕਿਹਾ ਕਿ ਪ੍ਰਮਾਤਮਾ ਤੋਂ ਬਾਅਦ ਡਾਕਟਰ ਹੀ ਹੁੰਦਾ ਹੈ, ਜੋ ਮਨੁੱਖ ਦੀ ਜਾਨ ਬਚਾਉਣ ਵਿੱਚ ਸਹਾਈ ਹੁੰਦਾ ਹੈ। ਕੋਵਿਡ-19 ਦੇ ਦੌਰ ਵਿੱਚ ਡਾਕਟਰਾਂ ਦੀ ਸ਼ਲਾਘਾ ਹੋਰ ਜ਼ਿਆਦਾ ਬਣ ਜਾਂਦੀ ਹੈ ਕਿਉਂ ਜੋ ਸਾਰੇ ਡਾਕਟਰ ਆਪਣੀ ਅਤੇ ਆਪਣੇ ਪਰਿਵਾਰਾਂ ਦੀ ਜਾਨ ਤਲੀ ’ਤੇ ਰੱਖ ਕੇ ਮਰੀਜ਼ਾਂ ਦਾ ਇਲਾਜ ਕਰਨ ਵਿੱਚ ਜੁਟੇ ਹੋਏ ਹਨ। ਇਸ ਮੌਕੇ ਸ਼ੁਭਮ, ਜਸਕੀਰਤ ਕੌਰ, ਕਵਨੀਤ ਸਿੰਘ ਅਤੇ ਨਰਿੰਦਰ ਸਿੰਘ ਆਦਿ ਵਾਲੰਟੀਅਰਾਂ ਨੇ ਵੀ ਡਾਕਟਰਾਂ ਨੂੰ ਦਿਲੋਂ ਧੰਨਵਾਦ ਕੀਤਾ।