ਮੁਕੇਸ਼ ਕੁਮਾਰ
ਚੰਡੀਗੜ੍ਹ, 27 ਦਸੰਬਰ
ਚੰਡੀਗੜ੍ਹ ਵਿੱਚ ਨਵੇਂ ਸਾਲ ਤੋਂ ਵਾਹਨ ਪਾਰਕਿੰਗ ਲਈ ਵਧੀਆਂ ਹੋਈਆਂ ਪਾਰਕਿੰਗ ਦਰਾਂ ਦੇਣੀਆਂ ਹੋਣਗੀਆਂ। ਇਸ ਬਾਰੇ ਸ਼ਹਿਰ ਵਿੱਚ ਪਾਰਕਿੰਗ ਦੀ ਸਾਂਭ-ਸੰਭਾਲ ਕਰਨ ਵਾਲੀਆਂ ਦੋਵੇਂ ਕੰਪਨੀਆਂ ਵੱਲੋਂ ਸਮਝੌਤੇ ਅਨੁਸਾਰ ਅਗਲੇ ਸਾਲ ਪਹਿਲੀ ਜਨਵਰੀ ਤੋਂ ਆਪਣੇ ਹਿੱਸੇ ਦੀਆਂ ਪੇਡ ਪਾਰਕਿੰਗ ਸਾਈਟਾਂ ਨੂੰ ਸਮਾਰਟ ਪਾਰਕਿੰਗ ਵਿੱਚ ਤਬਦੀਲ ਕੀਤੇ ਜਾਣ ਦੀ ਸਹਿਮਤੀ ਦੇ ਦਿੱਤੀ ਗਈ ਹੈ।
ਨਿਗਮ ਵੱਲੋਂ ਸ਼ਹਿਰ ਵਿੱਚ 89 ਪੇਡ ਪਾਰਕਿੰਗਾਂ ਨੂੰ ਦੋ ਜ਼ੋਨਾਂ ਵਿੱਚ ਵੰਡ ਕੇ ਠੇਕੇ ’ਤੇ ਦਿੱਤਾ ਗਿਆ ਹੈ। ਸਮਝੌਤੇ ਅਨੁਸਾਰ ਇਨ੍ਹਾਂ ਪਾਰਕਿੰਗ ਸਾਈਟਾਂ ਨੂੰ ਸਮਾਰਟ ਕਰਨ ਤੋਂ ਬਾਅਦ ਪੇਡ ਪਾਰਕਿੰਗਾਂ ਦੀਆਂ ਵਧੀਆਂ ਹੋਈਆਂ ਦਰਾਂ ਵਸੂਲੀਆਂ ਜਾਣੀਆਂ ਸਨ। ਪਰ ਕੋਵਿਡ-19 ਕਾਰਨ ਪੇਡ ਪਾਰਕਿੰਗ ਦੀਆਂ ਦੋਵੇਂ ਠੇਕੇਦਾਰ ਕੰਪਨੀਆਂ ਇਹ ਵਿਵਸਥਾ ਲਾਗੂ ਨਹੀਂ ਕਰ ਸਕੀਆਂ। ਨਿਗਮ ਦੇ ਵਧੀਕ ਕਮਿਸ਼ਨਰ ਐੱਸਕੇ ਜੈਨ ਨੇ ਦੱਸਿਆ ਕਿ ਪਾਰਕਿੰਗ ਦੇ ਦੋਵੇਂ ਜ਼ੋਨਾਂ ਦੀਆਂ ਠੇਕੇਦਾਰ ਕੰਪਨੀਆਂ ਨਾਲ ਮੀਟਿੰਗ ਕਰਕੇ ਸਮਝੌਤੇ ਅਨੁਸਾਰ ਸਮਾਰਟ ਪ੍ਰਕੀਇੰਗ ਸਿਸਟਮ ਲਾਗੂ ਕਰਨ ਲਈ ਕਿਹਾ ਸੀ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਠੇਕਾ ਰੱਦ ਕਰਨ ਦੀ ਗੱਲ ਵੀ ਹੋਈ ਸੀ। ਇਸ ਬਾਰੇ ਦੋਵੇਂ ਕੰਪਨੀਆਂ ਨੂੰ ਇੱਕ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ। ਪਾਰਕਿੰਗ ਦੇ ਜ਼ੋਨ-2 ਦਾ ਠੇਕਾ ਲੈਣ ਵਾਲੀ ਕੰਪਨੀ ਪਾਸ਼ਚਾਤਿਅ ਐਂਟਰਟੇਨਮੈਂਟ ਨੇ ਨਿਗਮ ਅਧਿਕਾਰੀਆਂ ਨੂੰ ਆਉਣ ਵਾਲੀ ਪਹਿਲੀ ਜਨਵਰੀ ਤੋਂ ਆਪਣੇ ਹਿੱਸੇ ਵਾਲਿਆਂ ਪਾਰਕਿੰਗ ਸਾਈਟਾਂ ਨੂੰ ਸਮਾਰਟ ਕਰਨ ਬਾਰੇ ਸਹਿਮਤੀ ਦੇ ਦਿੱਤੀ ਸੀ ਤੇ ਹੁਣ ਜ਼ੋਨ-1 ਦੇ ਠੇਕੇਦਾਰ ਸ਼ਾਮ ਸੁੰਦਰ ਵੱਲੋਂ ਵੀ ਆਪਣੀ ਸਹਿਮਤੀ ਦੇ ਦਿੱਤੀ ਗਈ ਹੈ। ਜ਼ੋਨ-1 ਵਿੱਚ 57 ਤੇ ਜ਼ੋਨ- 2 ਵਿੱਚ 32 ਪੇਡ ਪਾਰਕਿੰਗ ਸਾਈਟਾਂ ਹਨ। ਇਸ ਤਰ੍ਹਾਂ ਸ਼ਹਿਰ ਦੀਆਂ ਕੁਲ 89 ਪੇਡ ਪਾਰਕਿੰਗਾਂ ਵਿੱਚ ਪਹਿਲੀ ਜਨਵਰੀ ਤੋਂ ਪਾਰਕਿੰਗ ਦੀਆਂ ਵਧੀਆਂ ਹੋਈਆਂ ਦਰਾਂ ਲਾਗੂ ਹੋਣਗੀਆਂ।
ਤਿੰਨ ਸਲੈਬਾਂ ਬਣਾ ਕੇ ਵਸੂਲੀ ਜਾਵੇਗੀ ਪਾਰਕਿੰਗ ਫੀਸ
ਫਿਲਹਾਲ ਸ਼ਹਿਰ ਦੇ ਸਿਨਮਾਹਾਲ ਅਤੇ ਮਾਲ ਆਦਿ ਨੂੰ ਛੱਡ ਕੇ ਪੂਰੇ ਸ਼ਹਿਰ ਦੀਆਂ ਪੇਡ ਪਾਰਕਿੰਗ ਵਿੱਚ ਪੂਰੇ ਦਿਨ ਲਈ ਦੋਪਹੀਆ ਵਾਹਨ ਲਈ ਪੰਜ ਰੁਪਏ ਅਤੇ ਕਾਰ ਦੀ ਪਾਰਕਿੰਗ ਲਈ ਦਸ ਰੁਪਏ ਵਸੂਲੇ ਜਾ ਰਹੇ ਹਨ। ਪਹਿਲੀ ਜਨਵਰੀ ਤੋਂ ਘੰਟਿਆਂ ਦੇ ਹਿਸਾਬ ਨਾਲ ਤਿੰਨ ਸਲੈਬਾਂ ਬਣਾ ਕੇ ਫੀਸ ਵਸੂਲੀ ਜਾਵੇਗੀ। ਪਹਿਲੇ ਚਾਰ ਘੰਟਿਆਂ ਤੱਕ ਦੋਪਹੀਆ ਵਾਹਨ ਲਈ ਪੰਜ ਰੁਪਏ ਜਦੋਂ ਕਿ ਕਾਰ ਲਈ 10 ਰੁਪਏ ਵਸੂਲੇ ਜਾਣਗੇ। ਚਾਰ ਘੰਟਿਆਂ ਬਾਅਦ ਫੀਸ ਦੋਗੁਣੀ ਹੋ ਜਾਵੇਗੀ। ਇਸੇ ਤਰ੍ਹਾਂ 12 ਘੰਟਿਆਂ ਬਾਅਦ ਇਹ ਫੀਸ ਪਹਿਲੇ ਸਲੈਬ ਦੇ ਮੁਕਾਬਲੇ ਚਾਰ ਗੁਣਾ ਹੋ ਜਾਵੇਗੀ।