ਮੁਕੇਸ਼ ਕੁਮਾਰ
ਚੰਡੀਗੜ੍ਹ, 7 ਜੁਲਾਈ
ਇੱਥੇ ਡੱਡੂ ਮਾਜਰਾ ਸਥਿਤ ਡੰਪਿੰਗ ਗਰਾਊਂਡ ਵਿੱਚ ਕੂੜੇ ਦੀ ਸਮੱਸਿਆ ਕਾਰਨ ਇੱਥੇ ਆਸ-ਪਾਸ ਦੇ ਵਸਨੀਕ ਲੰਮੇ ਸਮੇਂ ਤੋਂ ਸੰਤਾਪ ਭੋਗ ਰਹੇ ਹਨ। ਨਿਗਮ ਪ੍ਰਸ਼ਾਸਨ ’ਤੇ ਇਹ ਦੋਸ਼ ਲਗਾਉਂਦਿਆਂ ਡੱਡੂ ਮਾਜਰਾ ਡੰਪਿੰਗ ਗਰਾਊਂਡ ਜੁਆਇੰਟ ਐਕਸ਼ਨ ਕਮੇਟੀ ਦੇ ਚੇਅਰਮੈਨ ਦਿਆਲ ਕ੍ਰਿਸ਼ਨ ਸਿੰਘ ਨੇ ਕਿਹਾ ਕਿ ਡੱਡੂ ਮਾਜਰਾ ਵਾਸੀ ਇੱਥੇ ਡੰਪਿੰਗ ਗਰਾਊਂਡ ਵਿੱਚ ਕੂੜੇ ਦੀ ਸਮੱਸਿਆ ਦੇ ਹੱਲ ਲਈ ਪਿਛਲੇ ਕਈ ਦਹਾਕਿਆਂ ਤੋਂ ਸੰਘਰਸ਼ ਕਰ ਰਹੇ ਹਨ, ਪਰ ਅੱਜ ਤੱਕ ਇਸ ਸਮੱਸਿਆ ’ਤੇ ਜ਼ਿਆਦਾ ਕਾਰਵਾਈ ਨਹੀਂ ਹੋਈ।
ਉਨ੍ਹਾਂ ਦੱਸਿਆ ਕਿ ਨਿਗਮ ਵੱਲੋਂ ਕਲੋਨੀ ਦੇ ਨਾਲ ਡੰਪਿੰਗ ਗਰਾਊਂਡ ਦੀ ਕੰਧ ਦੀ ਹੱਦ ਅੰਦਰ ਇੱਕ ਵੱਡੀ ਖਾਲ ਬਣਾ ਕੇ ਡੰਪਿੰਗ ਗਰਾਊਂਡ ਦੇ ਪਾਣੀ ਨੂੰ ਹੋਰ ਪਾਸੇ ਕੱਢਣ ਦੀ ਡੰਗ ਟਪਾਊ ਵਿਵਸਥਾ ਕੀਤੀ ਗਈ ਸੀ ਪਰ ਇਹ ਖਾਲ ਅੱਗੇ ਤੋਂ ਬੰਦ ਹੋ ਗਈ ਹੈ ਅਤੇ ਹੁਣ ਡੰਪਿੰਗ ਗਰਾਊਂਡ ਦਾ ਪਾਣੀ ਇੱਥੇ ਖਾਲ ਵਿੱਚ ਇਕੱਠਾ ਹੋਣ ਲੱਗ ਪਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਦੁਪਹਿਰ ਬਦਬੂ ਕਾਰਨ ਕਲੋਨੀ ਵਾਸੀ ਆਪਣੇ ਘਰਾਂ ਤੋਂ ਬਾਹਰ ਆ ਗਏ ਅਤੇ ਨਗਰ ਨਿਗਮ ਖਿਲਾਫ਼ ਮੀਟਿੰਗ ਕੀਤੀ। ਉਨ੍ਹਾਂ ਦੱਸਿਆ ਕਿ ਇਸ ਬਾਰੇ ਕੌਂਸਲਰ ਅਤੇ ਡਿਪਟੀ ਮੇਅਰ ਫਰਮਿਲਾ ਨੂੰ ਵਟਸਐਪ ਰਾਹੀਂ ਜਾਣੂ ਕਰਵਾਇਆ। ਡੱਡੂਮਾਜਰਾ ਵਾਸੀਆਂ ਨੇ ਨਿਗਮ ਤੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਇਸ ਡੰਪਿੰਗ ਗਰਾਊਂਡ ਕਾਰਨ ਦਰਪੇਸ਼ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਇਆ ਜਾਵੇ।