ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 14 ਅਪਰੈਲ
ਸ਼ਹਿਰ ਵਿੱਚ ਪਾਣੀ ਦੀ ਦੁਰਵਰਤੋਂ ਕਰਨ ਵਾਲਿਆਂ ’ਤੇ ਨਗਰ ਨਿਗਮ ਨੇ ਸਖ਼ਤੀ ਕਰਨ ਦਾ ਫ਼ੈਸਲਾ ਕੀਤਾ ਹੈ। ਜਾਣਕਾਰੀ ਅਨੁਸਾਰ ਭਲਕੇ 15 ਅਪਰੈਲ ਤੋਂ ਪਾਣੀ ਦੀ ਬਰਬਾਦੀ ਕਰਦਿਆਂ ਫੜੇ ਜਾਣ ’ਤੇ ਪੰਜ ਹਜ਼ਾਰ ਰੁਪਏ ਦਾ ਚਲਾਨ ਕੱਟਿਆ ਜਾਵੇਗਾ। ਨਿਗਮ ਨਿਗਮ ਕਮਿਸ਼ਨਰ ਅਨੰਦਿੱਤਾ ਮਿੱਤਰਾ ਦੇ ਆਦੇਸ਼ ’ਤੇ ਪਾਣੀ ਦੀ ਬਰਬਾਦੀ ਕਰਨ ਵਾਲਿਆਂ ’ਤੇ ਨਜ਼ਰ ਰੱਖਣ ਲਈ ਨਗਰ ਨਿਗਮ ਨੇ ਪੂਰੇ ਸ਼ਹਿਰ ਲਈ ਟੀਮਾਂ ਬਣਾ ਦਿੱਤੀਆਂ ਹਨ। ਇਸ ਸਬੰਧੀ ਨਗਰ ਨਿਗਮ ਕਮਿਸ਼ਨਰ ਦਾ ਕਹਿਣਾ ਹੈ ਕਿ ਇਸ ਵਾਰ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੋਈ ਵੀ ਸ਼ਹਿਰ ਵਾਸੀ ਪਾਣੀ ਬਰਬਾਦ ਕਰਨ ਵਾਲੇ ਦੀ ਨਗਰ ਨਿਗਮ ਨੂੰ ਸਿੱਧੇ ਤੌਰ ’ਤੇ ਸ਼ਿਕਾਇਤ ਵੀ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪਾਣੀ ਦੀ ਸਪਲਾਈ ਲਾਈਨ ਨੂੰ ਸਿੱਧੇ ਬੂਸਟਰ ਪੰਪ ਜਾਂ ਮੋਟਰ ਨਾਲ ਜੋੜਨ ਵਾਲਿਆਂ ਦੇ ਚਲਾਨ ਕੱਟੇ ਜਾਣਗੇ। ਇਸ ਦੇ ਨਾਲ ਹੀ ਮੀਟਰ ਦੀ ਲੀਕੇਜ, ਛੱਤਾਂ ’ਤੇ ਰੱਖੀਆਂ ਪਾਣੀ ਦੀਆਂ ਟੈਂਕੀਆਂ ਅਤੇ ਜ਼ਮੀਨਦੋਜ਼ ਪਾਣੀ ਦੀਆਂ ਟੈਂਕੀਆਂ ਤੋਂ ਪਾਣੀ ਦੀ ਲੀਕੇਜ ਹੋਣ ’ਤੇ ਵੀ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਸਵੇਰ ਵੇਲੇ ਘਰਾਂ ਦੇ ਪਾਰਕਾਂ ਜਾਂ ਬਗੀਚਿਆਂ ਦੀ ਸਿੰਜਾਈ ਕਰਨ ਸਮੇਤ ਵਿਹੜਿਆਂ ਨੂੰ ਪਾਣੀ ਨਾਲ ਧੋਣ ਉੱਤੇ ਵੀ ਰੋਕ ਰਹੇਗੀ ਅਤੇ ਉਲੰਘਣਾ ਕਰਨ ’ਤੇ ਚਲਾਨ ਕੱਟਿਆ ਜਾਵੇਗਾ। ਪੀਣ ਵਾਲੇ ਪਾਣੀ ਦੀ ਸਪਲਾਈ ਲਾਈਨ ਨਾਲ ਸਿੱਧੀ ਪਾਈਪ ਲਗਾ ਕੇ ਵਾਹਨ ਧੋਣ ਵਾਲਿਆਂ ਦੀ ਵੀ ਚਲਾਨ ਕੱਟੇ ਜਾਣਗੇ। ਨਗਰ ਨਿਗਮ ਅਨੁਸਾਰ ਇਸ ਬਾਰੇ ਡਿਫਾਲਟਰਾਂ ਦਾ ਪੰਜ ਹਜ਼ਾਰ ਰੁਪਏ ਦਾ ਚਲਾਨ ਕੱਟਿਆ ਜਾਵੇਗਾ। ਚਲਾਨ ਤੋਂ ਬਾਅਦ ਵੀ ਜੇਕਰ ਉਲੰਘਣਾ ਜਾਰੀ ਰਹਿੰਦੀ ਹੈ ਤਾਂ ਪਾਣੀ ਦਾ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ।
ਨਗਰ ਨਿਗਮ ਵੱਲੋਂ ਫਿਲਹਾਲ 30 ਜੂਨ ਤੱਕ ਇਹ ਮੁਹਿੰਮ ਚਲਾਈ ਜਾਵੇਗੀ। ਜੇਕਰ ਕੋਈ ਵਿਅਕਤੀ ਚਲਾਨ ਕੱਟਣ ’ਤੇ ਲੱਗਣ ਵਾਲੇ ਜੁਰਮਾਨੇ ਦੀ ਰਾਸ਼ੀ ਅਦਾ ਨਹੀਂ ਕਰੇਗਾ ਤਾਂ ਪਾਣੀ ਦੇ ਬਿੱਲ ਵਿੱਚ ਇਹ ਰਾਸ਼ੀ ਜੋੜ ਕੇ ਭੇਜ ਦਿੱਤੀ ਜਾਵੇਗੀ। ਨਿਗਮ ਕਮਿਸ਼ਨਰ ਅਨੰਦਿਤਾ ਮਿੱਤਰਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਗਰਮੀ ਵਿੱਚ ਪੀਣ ਵਾਲੇ ਪਾਣੀ ਦੀ ਕਿੱਲਤ ਦੇ ਮੱਦੇਨਜ਼ਰ ਉਹ ਨਗਰ ਨਿਗਮ ਦਾ ਸਹਿਯੋਗ ਕਰਨ ਅਤੇ ਪਾਣੀ ਦੀ ਬਰਬਾਦੀ ਨਾ ਕਰਨ।