ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 10 ਸਤੰਬਰ
ਮੁਹਾਲੀ ਮੈਡੀਕਲ ਹੱਬ ਬਣਦਾ ਜਾ ਰਿਹਾ ਹੈ। ਮੰਕੀਪੌਕਸ ਅਤੇ ਕਰੋਨਾ ਮਹਾਮਾਰੀ ਵਰਗੀਆਂ ਘਾਤਕ ਬਿਮਾਰੀਆਂ ਦਾ ਪਤਾ ਲਗਾਉਣ ਲਈ ਹੁਣ ਇੱਥੇ ਹੀ ਮਰੀਜ਼ਾਂ ਦੇ ਸੈਂਪਲਾਂ ਦੀ ਜਾਂਚ ਹੋਵੇਗੀ। ਇਸ ਤੋਂ ਪਹਿਲਾਂ ਚੰਡੀਗੜ੍ਹ ਸਮੇਤ ਹੋਰ ਗੁਆਂਢੀ ਸੂਬਿਆਂ ਵਿੱਚ ਸੈਂਪਲ ਜਾਂਚ ਲਈ ਭੇਜੇ ਜਾਂਦੇ ਸਨ। ਮਰੀਜ਼ਾਂ ਨੂੰ ਹੁਣ ਸੈਂਪਲਾਂ ਦੀ ਜਾਂਚ ਰਿਪੋਰਟ ਲਈ 24 ਘੰਟੇ ਉਡੀਕ ਨਹੀਂ ਕਰਨੀ ਪਵੇਗੀ ਬਲਕਿ ਮਹਿਜ਼ 8 ਤੋਂ 10 ਘੰਟਿਆਂ ਵਿੱਚ ਰਿਪੋਰਟ ਮਿਲ ਜਾਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਇੱਥੋਂ ਦੇ ਫੇਜ਼-6 ਸਥਿਤ ਡਾ. ਬੀਆਰ ਅੰਬੇਡਕਰ ਮੈਡੀਕਲ ਕਾਲਜ ਵਿੱਚ ਦੋ ਅਤਿ ਆਧੁਨਿਕ ਮੈਡੀਕਲ ਲੈਬ ਸਥਾਪਿਤ ਕੀਤੀਆਂ ਜਾਣਗੀਆਂ। ਇਨ੍ਹਾਂ ਨੂੰ ਬਾਇਓਸੇਫ਼ਟੀ ਲੈਬ ਲੈਵਲ ਦੋ ਦਾ ਨਾਮ ਦਿੱਤਾ ਜਾਵੇਗਾ। ਇਸ ਪ੍ਰਾਜੈਕਟ ’ਤੇ 6 ਕਰੋੜ ਰੁਪਏ ਖਰਚੇ ਜਾਣਗੇ। ਲੈਬ ਬਣਾਉਣ ਲਈ ਨਿੱਜੀ ਕੰਪਨੀ ਨੂੰ ਕੰਮ ਅਲਾਟ ਕਰ ਦਿੱਤਾ ਗਿਆ ਹੈ ਅਤੇ ਨਵੰਬਰ ਵਿੱਚ ਲੈਬ ਲੋਕਾਂ ਨੂੰ ਸਮਰਪਿਤ ਕੀਤੇ ਜਾਣ ਦੀ ਉਮੀਦ ਹੈ। ਹਾਲਾਂਕਿ ਸਰਕਾਰੀ ਮੈਡੀਕਲ ਕਾਲਜ ਨੂੰ ਇੱਥੋਂ ਸੈਕਟਰ-82 ਵਿੱਚ ਸ਼ਿਫ਼ਟ ਕਰਨ ਦੀ ਚਰਚਾ ਜ਼ੋਰਾਂ ’ਤੇ ਹੈ ਪਰ ਫਿਲਹਾਲ ਸਿਹਤ ਵਿਭਾਗ ਨੇ ਫੇਜ਼-6 ਵਿੱਚ ਹੀ ਅਤਿ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਸੰਸਥਾ ਦੂਜੀ ਥਾਂ ’ਤੇ ਸ਼ਿਫ਼ਟ ਕਰਨ ਬਾਰੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਸੈਕਟਰ-82 ਵਿੱਚ ਮੈਡੀਕਲ ਕਾਲਜ ਦੀ ਉਸਾਰੀ ਸ਼ੁਰੂ ਨਹੀਂ ਹੋ ਜਾਂਦੀ, ਉਦੋਂ ਤੱਕ ਇੱਥੇ ਕਿਸੇ ਤਰ੍ਹਾਂ ਦਾ ਕੰਮ ਰੋਕਿਆ ਵੀ ਨਹੀਂ ਜਾ ਸਕਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇੱਕ ਲੈਬ ਸੈਂਪਲਾਂ ਦੀ ਜਾਂਚ ਲਈ, ਜਦੋਂਕਿ ਦੂਜੀ ਡਾਕਟਰੀ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਵਰਤੋਂ ਲਈ ਹੋਵੇਗੀ।
ਮੈਡੀਕਲ ਕਾਲਜ ਮੁਹਾਲੀ ’ਚ ਲੈਬ ਬਣਾਉਣ ਦਾ ਕੰਮ ਸ਼ੁਰੂ
ਮੈਡੀਕਲ ਕਾਲਜ ਮੁਹਾਲੀ ਵਿੱਚ ਲੈਬ ਬਣਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਇਹ ਪੂਰੀ ਤਰ੍ਹਾਂ ਐਡਵਾਂਸ ਲੈਬ ਹੋਵੇਗੀ। ਇਸ ਨਾਲ ਸਿਰਫ਼ ਮੁਹਾਲੀ ਹੀ ਨਹੀਂ ਬਲਕਿ ਹੋਰਨਾਂ ਸ਼ਹਿਰਾਂ ਅਤੇ ਕਸਬਿਆਂ ਦੇ ਮਰੀਜ਼ਾਂ ਨੂੰ ਵੀ ਵੱਡਾ ਫਾਇਦਾ ਹੋਵੇਗਾ। ਸੈਂਪਲ ਦੀ ਜਾਂਚ ਰਿਪੋਰਟ ਆਉਣ ਵਿੱਚ ਵੀ ਕਾਫ਼ੀ ਘੱਟ ਸਮਾਂ ਲੱਗੇਗਾ।