ਪੀਪੀ ਵਰਮਾ
ਪੰਚਕੂਲਾ, 8 ਜੁਲਾਈ
ਹਰਿਆਣਾ ਸਰਕਾਰ ਨੇ ਅੱਠਵੀਂ ਜਮਾਤ ਵਿੱਚ ਬੋਰਡ ਪ੍ਰੀਖਿਆਵਾਂ ਲੈਣ ਲਈ ਹਰੀ ਝੰਡੀ ਦੇ ਦਿੱਤੀ ਹੈ। ਸਿੱਖਿਆ ਵਿਭਾਗ ਨੇ ਇਸ ਸਬੰਧੀ ਫ਼ੈਸਲਾ ਲੈਂਦਿਆਂ ਇੱਕ ਚਿੱਠੀ ਸਿੱਖਿਆ ਬੋਰਡ ਭਿਵਾਨੀ ਨੂੰ ਭੇਜ ਦਿੱਤੀ ਹੈ। ਕਰੋਨਾਵਾਇਰਸ ਕਾਰਨ ਇਸ ਸਾਲ ਭਾਵੇਂ ਅੱਠਵੀਂ ਦੀ ਪ੍ਰੀਖਿਆ ਸੰਭਵ ਨਹੀਂ ਹੋਈ ਪਰ ਅਗਲੇ ਸੈਸ਼ਨ ਵਿੱਚ ਇਸ ਨੂੰ ਲਾਗੂ ਕੀਤਾ ਜਾਵੇਗਾ। ਇਹ ਫ਼ੈਸਲਾ ਸਰਕਾਰ ’ਤੇ ਹੋਵੇਗਾ ਕਿ ਸਿਲੇਬਸ ਪੂਰਾ ਹੋਣ ’ਤੇ ਬੋਰਡ ਪ੍ਰੀਖਿਆ ਇਸ ਸੈਸ਼ਨ ਵਿੱਚ ਕਰਵਾਊਣੀ ਹੈ ਜਾਂ ਅਗਲੇ ਸੈਸ਼ਨ ਵਿੱਚ। ਹਰਿਆਣਾ ਮੁਫ਼ਤ ਅਤੇ ਲਾਜ਼ਮੀ ਬੱਚਿਆਂ ਦੀ ਸਿੱਖਿਆ ਦਾ ਅਧਿਕਾਰ ਨਿਯਮ-2011 ਵਿੱਚ ਬਦਲਾਅ ਕਰ ਕੇ ਬੋਰਡ ਦੀ ਇਹ ਪ੍ਰੀਖਿਆ ਸ਼ੁਰੂ ਕੀਤੀ ਜਾਵੇਗੀ। ਜੇਕਰ ਵਿਦਿਆਰਥੀ ਸਾਲਾਨਾ ਪ੍ਰੀਖਿਆ ਵਿੱਚੋਂ ਮਿਥੇ ਗਏ ਪਾਸ ਨੰਬਰਾਂ ਵਿੱਚੋਂ ਵੀ ਘੱਟ ਨੰਬਰ ਲੈਂਦਾ ਹੈ ਤਾਂ ਉਸ ਵਿਦਿਆਰਥੀ ਨੂੰ ਦੋ ਹੋਰ ਮੌਕੇ ਦਿੱਤੇ ਜਾਣਗੇ। ਵਿਦਿਆਰਥੀ ਨੂੰ ਫੇਲ੍ਹ ਕਰਨ ਦੀ ਥਾਂ ਉੱਚਿਤ ਮੌਕਾ ਦਿੱਤਾ ਜਾਵੇਗਾ। ਇਸ ਲਈ ਅਧਿਆਪਕਾਂ ਨੂੰ ਵਿਦਿਆਰਥੀਆਂ ਦਾ ਮੁਲਾਂਕਣ ਕਰਨ ਲਈ ਵਿਸ਼ੇਸ਼ ਧਿਆਨ ਦੇਣ ਦੇ ਹੁਕਮ ਦਿੱਤੇ ਗਏ ਹਨ। ਸੈਕੰਡਰੀ ਸਕੂਲ ਸਿੱਖਿਆ ਵਿਭਾਗ ਨੇ ਇਸ ਫ਼ੈਸਲੇ ਦੀ ਪੁਸ਼ਟੀ ਕੀਤੀ ਹੈ। ਨਾਲ ਹੀ ਬੋਰਡ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਲਈ ਵੀ ਹੁਕਮ ਜਾਰੀ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਪੰਜਵੀਂ, ਅੱਠਵੀਂ ਦੀਆਂ ਬੋਰਡ ਪ੍ਰੀਖਿਆ ਕਰਵਾਉਣ ਲਈ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ।