ਐੱਸ.ਏ.ਐੱਸ.ਨਗਰ (ਮੁਹਾਲੀ): ਭਾਸ਼ਾ ਵਿਭਾਗ ਦੇ ਜ਼ਿਲ੍ਹਾ ਦਫ਼ਤਰ ਵਿੱਚ ਕਰਵਾਏ ਸਮਾਗਮ ਵਿੱਚ ਪ੍ਰੋ. ਮੀਨੂੰ ਮੁਸਕਾਨ ਦੇ ਨਾਵਲ ‘ਰਸਮੀ ਵਿਤਕਰਾ’ ਨੂੰ ਲੋਕ ਅਰਪਣ ਕੀਤਾ ਗਿਆ ਅਤੇ ਨਾਵਲ ਉੱਤੇ ਵਿਚਾਰ ਚਰਚਾ ਹੋਈ। ਸਮਾਗਮ ਦੀ ਪ੍ਰਧਾਨਗੀ ਸਰਕਾਰੀ ਕਾਲਜ ਸੈਕਟਰ-11 ਚੰਡੀਗੜ੍ਹ ਦੇ ਡੀਨ ਡਾ. ਗੁਰਮੇਲ ਸਿੰਘ ਨੇ ਕੀਤੀ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਨੇ ਸਾਰਿਆਂ ਦਾ ਸਵਾਗਤ ਕੀਤਾ। ਪ੍ਰੋ. ਰਮਨਿੰਦਰ ਸਿੰਘ ਨੇ ਨਾਵਲ ਉੱਤੇ ਪਰਚਾ ਪੜ੍ਹਦਿਆਂ ਇਸ ਨੂੰ ਗੁਣਾਤਮਕ ਰਚਨਾ ਦੱਸਿਆ। ਪ੍ਰੋ. ਗੁਰਜੀਤ ਕੌਰ ਨੇ ਕਿਹਾ ਕਿ ਨਾਵਲ ਵਿੱਚ ਦਲਿਤ ਸਾਹਿਤ ਦੀ ਸਾਰਥਕਤਾ ਦੀ ਗੱਲ ਕਰਦਿਆਂ ਹੋਇਆਂ ਭਾਰਤੀ ਮਾਨਸਿਕਤਾ ਅਤੇ ਵਿਵਸਥਾ ਦੀਆਂ ਕਰੂਪ ਪਰਤਾਂ ਨੂੰ ਪੇਸ਼ ਕੀਤਾ ਗਿਆ ਹੈ। ਨਾਵਲ ਦੀ ਲੇਖਿਕਾ ਮੀਨੂੰ ਮੁਸਕਾਨ ਨੇ ਆਖਿਆ ਕਿ ਭਾਵੇਂ ਦੁਨੀਆ ਨੇ ਕਿੰਨੀ ਵੀ ਤਰੱਕੀ ਕਰ ਲਈ ਹੈ ਪਰ ਆਪਣੀ ਸੋਚ ਕਾਰਨ ਦਲਿਤ ਵਰਗ ਦੀ ਹੋਣੀ ਜਿਉਂ ਦੀ ਤਿਉਂ ਹੈ। ਇਸ ਲਈ ਉਸ ਨੇ ਆਪਣੇ ਨਾਵਲ ਰਾਹੀਂ ਸਮਾਜ ਦੀ ਸੌੜੀ ਮਾਨਸਿਕਤਾ ਨੂੰ ਝੰਜੋੜਣ ਦੀ ਕੋਸ਼ਿਸ਼ ਕੀਤੀ ਹੈ। ਇਸ ਮੌਕੇ ਇੰਦਰਜੀਤ ਸਿੰਘ, ਗੁਰਿੰਦਰ ਸਿੰਘ, ਕਮਲਜੀਤ ਕੌਰ ਆਦਿ ਵੀ ਹਾਜ਼ਿਰ ਸਨ। -ਖੇਤਰੀ ਪ੍ਰਤੀਨਿਧ