ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 18 ਅਕਤੂਬਰ
ਇੱਥੇ ਪ੍ਰਸ਼ਾਸਨ ਨੇ ਨਗਰ ਨਿਗਮ ਦੇ 9 ਨਾਮਜ਼ਦ ਕੌਂਸਲਰਾਂ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਸਕੱਤਰ (ਸਥਾਨਕ ਸਰਕਾਰਾਂ) ਵਿਜੈ ਨਾਮਦਿਓ ਨੇ ਪੰਜਾਬ ਮਿਉਂਸਿਪਲ ਐਕਟ ਦੀ ਧਾਰਾ 4 ਦੇ ਸਬ ਸੈਕਟਰ 3 ਹੇਠ ਚੰਡੀਗੜ੍ਹ ਨਗਰ ਨਿਗਮ ਦੇ 9 ਨਾਮਜ਼ਦ ਕੌਂਸਲਰਾਂ ਦਾ ਐਲਾਨ ਕੀਤਾ। ਪ੍ਰਸ਼ਾਸਨ ਵੱਲੋਂ ਅੱਜ ਦੇਰ ਸ਼ਾਮ ਜਾਰੀ ਨੋਟੀਫਿਕੇਸ਼ਨ ਅਨੁਸਾਰ ਪਿੰਡ ਸਾਰੰਗਪੁਰ ਦੇ ਸਾਬਕਾ ਸਰਪੰਚ ਗੁਰਨਾਮ ਸਿੰਘ ਸਿੱਧੂ ਦੇ ਪੁੱਤਰ ਸਮਾਜਸੇਵੀ ਤੇ ਪੱਤਰਕਾਰ ਸਤਿੰਦਰ ਸਿੰਘ ਸਿੱਧੂ, ਇੰਦਰਾ ਕਲੋਨੀ ਵਾਸੀ ਗੀਤਾ ਚੌਹਾਨ, ਸੈਕਟਰ 12 ਚੰਡੀਗੜ੍ਹ ਵਾਸੀ ਅਨਿਲ ਮਸੀਹ, ਸੈਕਟਰ 33 ਵਾਸੀ ਡਾਕਟਰ ਰਮਨੀਕ ਸਿੰਘ ਬੇਦੀ, ਐੱਨਏਸੀ ਮਨੀਮਾਜਰਾ ਵਾਸੀ ਅਮਿਤ ਜਿੰਦਲ, ਸੈਕਟਰ 37 ਵਾਸੀ ਉਮੇਸ਼ ਘਈ, ਪਿੰਡ ਬਹਿਲਾਣਾ ਵਾਸੀ ਨਰੇਸ਼ ਪੰਚਾਲ, ਪਿੰਡ ਦੜੂਆ ਵਾਸੀ ਧਰਮਿੰਦਰ ਸੈਣੀ ਅਤੇ ਸੈਕਟਰ 36 ਵਾਸੀ ਮਹਿੰਦਰ ਕੌਰ ਨੂੰ ਨਾਮਜ਼ਦ ਕੌਂਸਲਰ ਥਾਪਿਆ ਗਿਆ ਹੈ। ਨਗਰ ਨਿਗਮ ਵਿੱਚ ਹੁਣ 35 ਚੁਣੇ ਹੋਏ ਕੌਂਸਲਰਾਂ ਨੂੰ ਮਿਲਾ ਕੇ ਕੁੱਲ ਕੌਂਸਲਰਾਂ ਦੀ ਗਿਣਤੀ 44 ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਨਿਗਮ ਦੀਆਂ ਚੋਣਾਂ ਹੁੰਦੇ ਹੀ ਪ੍ਰਸ਼ਾਸਨ ਵੱਲੋਂ ਵੱਖ ਵੱਖ ਖੇਤਰਾਂ ਦੇ ਮਾਹਿਰ 9 ਜਣਿਆਂ ਨੂੰ ਨਗਰ ਨਿਗਮ ਵਿੱਚ ਬਤੌਰ ਨਾਮਜ਼ਦ ਕੌਂਸਲਰ ਭੇਜਿਆ ਜਾਂਦਾ ਹੈ। ਨਾਮਜ਼ਦ ਕੌਸਲਰਾਂ ਨੂੰ ਮੇਅਰ ਦੀਆਂ ਚੋਣਾਂ ਵਿੱਚ ਵੋਟਿੰਗ ਦਾ ਅਧਿਕਾਰ ਨਹੀਂ ਹੁੰਦਾ। ਮੇਅਰ ਸਰਬਜੀਤ ਕੌਰ ਨੇ ਕਿਹਾ ਕਿ ਪ੍ਰਸ਼ਾਸਨ ਨੇ ਬਿਨਾਂ ਕਿਸੇ ਵਿਤਕਰੇ ਤੋਂ ਸ਼ਹਿਰ ਦੇ ਹਰ ਵਰਗ, ਜਿਵੇਂ ਕਿ ਵਪਾਰੀ, ਪਿੰਡ, ਕਲੋਨੀਆਂ, ਸ਼ਹਿਰੀ ਨੂੰ ਬਰਾਬਰ ਦੀ ਨੁਮਾਇੰਦਗੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਨਾਮਜ਼ਦ ਕੌਂਸਲਰਾਂ ਦੀ ਘੋਸ਼ਣਾ ਤੋਂ ਬਾਅਦ ਹੁਣ ਛੇਤੀ ਹੀ ਨਿਗਮ ਦੀਆਂ ਸਬ ਕਮੇਟੀਆਂ ਬਣਾ ਦਿੱਤੀਆਂ ਜਾਣਗੀਆਂ।