ਕਰਮਜੀਤ ਸਿੰਘ ਚਿੱਲਾ
ਬਨੂੜ, 2 ਅਕਤੂਬਰ
ਨਜ਼ਦੀਕੀ ਪਿੰਡ ਬਾਸਮਾਂ ਵਿਖੇ ਦਸ-ਦਸ ਸਾਲ ਪਹਿਲਾਂ ਲੱਗੀਆਂ ਬੁਢਾਪਾ ਪੈਨਸ਼ਨਾਂ ਦੀ ਰਿਕਵਰੀ ਲਈ 30 ਦੇ ਕਰੀਬ ਲਾਭਪਾਤਰੀਆਂ ਦੇ ਨੋਟਿਸ ਆਉਣ ਮਗਰੋਂ ਮਹਿਲਾਵਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਨ੍ਹਾਂ ਲਾਭਪਾਤਰੀਆਂ ਨੇ ਸਮਾਜਿਕ ਸੁਰੱਖਿਆ ਵਿਭਾਗ ਦੀ ਮਹਿਲਾ ਕਰਮਚਾਰੀ ਕੋਲੋਂ ਨੋਟਿਸ ਵਸੂਲਣ ਤੋਂ ਵੀ ਨਾਂਹ ਕਰ ਦਿੱਤੀ। ਇਨ੍ਹਾਂ ਨੋਟਿਸਾਂ ਵਿੱਚੋਂ ਦੋ ਬਜ਼ੁਰਗਾਂ ਦੀ ਮੌਤ ਹੋ ਚੁੱਕੀ ਹੈ ਤੇ ਕਈਆਂ ਨੂੰ ਪੰਜ ਤੋਂ ਚਾਲੀ ਹਜ਼ਾਰ ਤੱਕ ਦੀ ਰਾਸ਼ੀ ਦੀ ਵਸੂਲੀ ਲਈ ਨੋਟਿਸ ਜਾਰੀ ਕੀਤੇ ਗਏ ਹਨ।
ਵਿਧਵਾ ਅਜਮੇਰ ਕੌਰ, ਸ਼ਕੁੰਤਲਾ ਦੇਵੀ, ਚਰਨ ਕੌਰ, ਹਰਬੰਸ ਸਿੰਘ, ਮਿੰਦਰ ਕੌਰ, ਸੋਮ ਕੌਰ, ਗੁਰਮੀਤ ਕੌਰ, ਜਗਮੀਤ ਸਿੰਘ, ਭਾਗ ਸਿੰਘ, ਕੁਲਵਿੰਦਰ ਕੌਰ, ਸੁਖਦੇਵ ਸਿੰਘ, ਗੁਰਨਾਮ ਸਿੰਘ, ਗੁਰਦੇਵ ਸਿੰਘ ਤੋਂ ਇਲਾਵਾ ਹੋਰ ਦਰਜਨ ਦੇ ਕਰੀਬ ਬਜ਼ੁਰਗਾਂ ਨੇ ਦੱਸਿਆ ਕਿ ਪਿਛਲੀ ਸਰਕਾਰ ਸਮੇਂ ਸਮੁੱਚੀਆਂ ਸ਼ਰਤਾਂ ਪੂਰੀਆਂ ਕਰਨ ’ਤੇ ਉਨ੍ਹਾਂ ਦੀ ਪੈਨਸ਼ਨ ਲੱਗੀ ਸੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਮੈਨੀਫ਼ੈਸਟੋ ਵਿੱਚ 2500 ਰੁਪਏ ਪੈਨਸ਼ਨ ਦੇਣ ਦਾ ਵਾਅਦਾ ਕੀਤਾ ਸੀ ਪਰ ਉਨ੍ਹਾਂ ਨੂੰ ਪੈਨਸ਼ਨ ਦੇਣ ਦੀ ਥਾਂ ਵਸੂਲੀ ਲਈ ਨੋਟਿਸ ਆ ਰਹੇ ਹਨ।
ਬਜ਼ੁਰਗਾਂ ਨੇ ਆਖਿਆ ਕਿ ਉਨ੍ਹਾਂ ਕੋਲ ਦੇਣ ਲਈ ਕੋਈ ਪੈਸਾ ਨਹੀਂ ਹੈ ਤੇ ਉਨ੍ਹਾਂ ਦਾ ਆਪਣਾ ਗੁਜ਼ਾਰਾ ਚਲਾਉਣਾ ਵੀ ਔਖਾ ਹੈ। ਉਨ੍ਹਾਂ ਮੰਗ ਕੀਤੀ ਕਿ ਜਾਰੀ ਕੀਤੇ ਗਏ ਨੋਟਿਸ ਤੁਰੰਤ ਵਾਪਸ ਲਏ ਜਾਣ ਤੇ ਉਨ੍ਹਾਂ ਦੀਆਂ ਕੱਟੀਆਂ ਗਈਆਂ ਪੈਨਸ਼ਨਾਂ ਦੀ ਬਹਾਲੀ ਕੀਤੀ ਜਾਵੇ। ਅਕਾਲੀ ਦਲ ਦੇ ਆਗੂਆਂ ਸਾਧੂ ਸਿੰਘ ਖਲੌਰ, ਜਤਿੰਦਰ ਸਿੰਘ ਰੋਮੀ, ਜਸਵੰਤ ਸਿੰਘ ਹੁਲਕਾ ਆਦਿ ਨੇ ਬਜ਼ੁਰਗਾਂ ਨੂੰ ਪੈਨਸ਼ਨਾਂ ਦੀ ਰਾਸ਼ੀ ਜਮ੍ਹਾਂ ਕਰਾਉਣ ਦੇ ਨੋਟਿਸਾਂ ਦਾ ਵਿਰੋਧ ਕੀਤਾ ਜਾਵੇਗਾ ਅਤੇ ਸਬੰਧਤ ਅਧਿਕਾਰੀਆਂ ਦੇ ਦਫ਼ਤਰਾਂ ਦਾ ਘਿਰਾਓ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ।
ਸਾਰੇ ਪੈਨਸ਼ਨਰ ਲੋੜਵੰਦ: ਸਰਪੰਚ
ਪਿੰਡ ਬਾਸਮਾਂ ਦੇ ਸਰਪੰਚ ਤਰਸੇਮ ਲਾਲ ਨੇ ਪਿੰਡ ਦੇ ਤੀਹ ਬਜ਼ੁਰਗਾਂ ਨੂੰ ਰਿਕਵਰੀ ਨੋਟਿਸ ਆਉਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਸਾਰੇ ਬਜ਼ੁਰਗ ਲੋੜਵੰਦ ਹਨ। ਉਨ੍ਹਾਂ ਕਿਹਾ ਕਿ ਸਮੁੱਚਾ ਮਾਮਲਾ ਹਲਕਾ ਵਿਧਾਇਕ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਤੇ ਉਨ੍ਹਾਂ ਮਾਮਲੇ ਦੇ ਹੱਲ ਦਾ ਭਰੋਸਾ ਦਿੱਤਾ ਹੈ।