ਮੁਕੇਸ਼ ਕੁਮਾਰ
ਚੰਡੀਗ੍ਹੜ, 15 ਅਪਰੈਲ
ਚੰਡੀਗੜ੍ਹ ਨਗਰ ਨਿਗਮ ਵੱਲੋਂ ਅੱਜ ਤੋਂ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਬਰਬਾਦੀ ਰੋਕਣ ਲਈ ਆਰੰਭੀ ਗਈ ਮੁਹਿੰਮ ਤਹਿਤ ਪਹਿਲੇ ਦਿਨ 98 ਡਿਫਾਲਟਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਜਦਕਿ ਸੱਤ ਖ਼ਪਤਕਾਰਾਂ ਦੇ ਚਲਾਨ ਕੀਤੇ ਗਏ।
ਨਗਰ ਨਿਗਮ ਦੇ ਜਨ ਸਿਹਤ ਵਿਭਾਗ ਦੇ ਐੱਸਡੀਈਜ਼ ਅਤੇ ਜੇਈਜ਼ ਦੀਆਂ 18 ਟੀਮਾਂ ਨੇ ਅੱਜ ਤੜਕੇ 5.30 ਵਜੇ ਤੋਂ ਲੈ ਕੇ 8.30 ਵਜੇ ਤੱਕ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਦੀ ਦੁਰਵਰਤੋਂ ਕਰਨ ਵਾਲਿਆਂ ਦੀ ਚੈਕਿੰਗ ਕੀਤੀ। ਇਸ ਮੁਹਿੰਮ ਦੇ ਪਹਿਲੇ ਦਿਨ ਅੱਜ ਚੈਕਿੰਗ ਦੌਰਾਨ ਕਈ ਖ਼ਪਤਕਾਰ ਘਰਾਂ ਵਿੱਚ ਪੀਣ ਵਾਲੇ ਪਾਣੀ ਦੀ ਦੁਰਵਰਤੋਂ ਕਰਦੇ ਹੋਏ ਰੰਗੇ ਹੱਥੀਂ ਫੜੇ ਗਏ। ਉਲੰਘਣਾ ਕਰਨ ਵਾਲੇ ਜ਼ਿਆਦਾਤਰ ਵਿਅਕਤੀ ਆਪਣੀਆਂ ਕਾਰਾਂ ਅਤੇ ਵਿਹੜਿਆਂ ਨੂੰ ਧੋਂਦੇ ਹੋਏ ਪਾਏ ਗਏ। ਨਿਗਮ ਦੀਆਂ ਟੀਮਾਂ ਨੇ ਦਸਤਾਵੇਜ਼ੀ ਸਬੂਤ ਵਜੋਂ ਡਿਫਾਲਟਰਾਂ ਦੀਆਂ ਤਸਵੀਰਾਂ ਖਿੱਚੀਆਂ ਅਤੇ ਵੀਡੀਓਜ਼ ਵੀ ਬਣਾਈਆਂ। ਨਿਗਮ ਨੇ ਅੱਜ ਦੀ ਇਸ ਮੁਹਿੰਮ ਦੌਰਾਨ ਕੁੱਲ 98 ਖ਼ਪਤਕਾਰਾਂ ਨੂੰ ਪਾਣੀ ਡੀ ਬਰਬਾਦੀ ਕਰਨ ਦੇ ਦੋਸ਼ ਹੇਠ ਨੋਟਿਸ ਜਾਰੀ ਕੀਤੇ ਅਤੇ ਸੱਤ ਖ਼ਪਤਕਾਰਾਂ ਦੇ ਪਾਣੀ ਦੀ ਬਰਬਾਦੀ ਕਰਨ ਦੇ ਦੋਸ਼ ਹੇਠ ਚਲਾਨ ਵੀ ਕੱਟੇ ਗਏ। ਇਸ ਦੌਰਾਨ ਜਿਨ੍ਹਾਂ ਵਿਅਕਤੀਆਂ ਦਾ ਚਲਾਨ ਕੀਤਾ ਗਿਆ ਉਨ੍ਹਾਂ ਨੂੰ 5000 ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਨਗਰ ਨਿਗਮ ਕਮਿਸ਼ਨਰ ਅਨੰਦਿਤਾ ਮਿਤਰਾ ਦੇ ਆਦੇਸ਼ਾਂ ਅਨੁਸਾਰ ਸ਼ਹਿਰ ਵਿੱਚ ਗਰਮੀ ਦੇ ਮੌਸਮ ਵਿੱਚ ਪੀਣ ਵਾਲੇ ਪਾਣੀ ਦੀ ਕਿੱਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ 15 ਅਪਰੈਲ ਤੋਂ 30 ਜੂਨ ਤੱਕ ਘਰਾਂ ਦੇ ਵੇਹੜਿਆਂ ਨੂੰ ਧੋਣ, ਘਰੇਲੂ ਲਾਅਨ ਨੂੰ ਪਾਣੀ ਲਾਉਣ, ਵਿਹੜਾ ਧੋਣ, ਪਾਈਪ ਰਾਹੀਂ ਕਾਰਾਂ ਤੇ ਹੋਰ ਵਾਹਨ ਧੋਣ ’ਤੇ ਰੋਕ ਲਗਾਈ ਗਈ ਹੈ। ਇਨ੍ਹਾਂ ਹੁਕਮਾਂ ਅਨੁਸਾਰ ਡਿਫਾਲਟਰਾਂ ਦਾ ਚਲਾਨ ਕੱਟਣ ਤੋਂ ਇਲਾਵਾ 5000 ਰੁਪਏ ਦਾ ਜੁਰਮਾਨਾ ਵੀ ਕੀਤਾ ਜਾਵੇਗਾ ਜਦੋਂ ਕਿ ਨਿਗਮ ਦੀਆਂ ਟੀਮਾਂ ਵੱਲੋਂ ਪਾਣੀ ਦੀਆਂ ਟੈਂਕੀਆਂ, ਟੂਟੀਆਂ, ਮੀਟਰ ਅਤੇ ਵਾਟਰ ਕੂਲਰ ਲੀਕ ਹੋਣ ’ਤੇ ਨੋਟਿਸ ਜਾਰੀ ਕੀਤੇ ਜਾ ਰਹੇ ਹਨ।
ਨਿਗਮ ਵੱਲੋਂ ਜਾਰੀ ਕੀਤੇ ਗਏ ਨੋਟਿਸਾਂ ਅਨੁਸਾਰ ਦੋ ਦਿਨਾਂ ਦੇ ਅੰਦਰ ਲੀਕੇਜ ਦੀ ਮੁਰੰਮਤ ਕਰਵਾਉਣ ਦਾ ਸਮਾਂ ਦਿੱਤਾ ਜਾ ਰਿਹਾ ਹੈ। ਨਿਗਮ ਕਮਿਸ਼ਨਰ ਨੇ ਚੰਡੀਗੜ੍ਹ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੀਣ ਵਾਲੇ ਪਾਣੀ ਦੀ ਬੱਚਤ ਕਰਨ ਅਤੇ ਇਸ ਦੀ ਦੁਰਵਰਤੋਂ ਨਾ ਕਰਨ। ਉਨ੍ਹਾਂ ਦੱਸਿਆ ਕਿ ਇਸ ਵਾਰ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੋਈ ਵੀ ਸ਼ਹਿਰ ਵਾਸੀ ਪਾਣੀ ਬਰਬਾਦ ਕਰਨ ਵਾਲੇ ਦੀ ਨਗਰ ਨਿਗਮ ਨੂੰ ਸਿੱਧੇ ਸ਼ਿਕਾਇਤ ਕਰ ਸਕਦਾ ਹੈ। ਨਿਗਮ ਵੱਲੋਂ ਫਿਲਹਾਲ 30 ਜੂਨ ਤੱਕ ਇਹ ਮੁਹਿੰਮ ਚਲਾਈ ਜਾਵੇਗੀ। ਜੇਕਰ ਕੋਈ ਵਿਅਕਤੀ ਚਲਾਨ ਕੱਟਣ ’ਤੇ ਲੱਗਣ ਵਾਲੇ ਜੁਰਮਾਨੇ ਦੀ ਰਾਸ਼ੀ ਅਦਾ ਨਹੀਂ ਕਰੇਗਾ ਤਾਂ ਪਾਣੀ ਦੇ ਬਿੱਲ ਵਿੱਚ ਇਹ ਰਾਸ਼ੀ ਜੋੜ ਕੇ ਭੇਜ ਦਿੱਤੀ ਜਾਵੇਗੀ।