ਆਤਿਸ਼ ਗੁਪਤਾ
ਚੰਡੀਗੜ੍ਹ, 3 ਮਈ
ਆਮ ਆਦਮੀ ਪਾਰਟੀ (ਆਪ) ਨੇ ਚੰਡੀਗੜ੍ਹ ਨਗਰ ਨਿਗਮ ਦੀ 30 ਅਪਰੈਲ ਨੂੰ ਹੋਈ ਜਨਰਲ ਹਾਊਸ ਦੀ ਮੀਟਿੰਗ ਵਿੱਚ ਸ਼ਹਿਰ ਦੀਆਂ ਸੜਕਾਂ ਦੀ ਸਫ਼ਾਈ ਦਾ ਠੇਕਾ ਨਿੱਜੀ ਕੰਪਨੀ ਨੂੰ ਦੇਣ ਦੇ ਮੁੱਦੇ ’ਤੇ ‘ਆਪ’ ਨੇਤਾ ਦੇ ਫ਼ੈਸਲੇ ਦੇ ਉਲਟ ਵੋਟ ਕਰਨ ਵਾਲੇ ਪਾਰਟੀ ਦੇ 6 ਕੌਂਸਲਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਹੈ। ਇਹ ਨੋਟਿਸ ‘ਆਪ’ ਦੇ ਚੰਡੀਗੜ੍ਹ ਇਕਾਈ ਦੇ ਕਨਵੀਨਰ ਪ੍ਰੇਮ ਗਰਗ ਨੇ ਜਾਰੀ ਕੀਤਾ ਹੈ। ਜਿਨ੍ਹਾਂ ਨੇ 6 ਕੌਂਸਲਰਾਂ ਨੂੰ 5 ਮਈ ਦਿਨ ਵੀਰਵਾਰ ਨੂੰ ਦੁਪਹਿਰ ਇਕ ਜਵਾਬ ਦੇਣ ਦੇ ਆਦੇਸ਼ ਜਾਰੀ ਕੀਤੇ ਹਨ। ਪਾਰਟੀ ਕਨਵੀਨਰ ਵੱਲੋਂ ਜਾਰੀ ਕੀਤੇ ਕੌਂਸਲਰਾਂ ਵਿੱਚ ਵਾਰਡ ਨੰਬਰ-1 ਦੀ ਕੌਂਸਲਰ ਜਸਵਿੰਦਰ ਕੌਰ, ਵਾਰਡ ਨੰਬਰ-4 ਦੀ ਕੌਂਸਲਰ ਸੁਮਨ ਦੇਵੀ, ਵਾਰਡ ਨੰਬਰ-16 ਦੀ ਕੌਂਸਲਰ ਪੂਨਮ, ਵਾਰਡ ਨੰਬਰ-18 ਦੀ ਕੌਂਸਲਰ ਤਰੁਣਾ ਮਹਿਤਾ, ਵਾਰਡ ਨੰਬਰ-23 ਦੀ ਕੌਂਸਲਰ ਪ੍ਰੇਮ ਲਤਾ ਅਤੇ ਵਾਰਡ ਨੰਬਰ-26 ਦੀ ਕੌਂਸਲਰ ਕੁਲਦੀਪ ਢਲੌੜ ਦੇ ਨਾਮ ਸ਼ਾਮਲ ਹਨ।
ਗੌਰਤਲਬ ਹੈ ਕਿ 30 ਅਪਰੈਲ ਨੂੰ ਚੰਡੀਗੜ੍ਹ ਨਗਰ ਨਿਗਮ ਦੀ ਮੀਟਿੰਗ ਵਿੱਚ ਸ਼ਹਿਰ ਦੇ ਸਫਾਈ ਦਾ ਠੇਕਾ ਨਿੱਜੀ ਕੰਪਨੀ ਨੂੰ ਦੇਣ ਦੇ ਮੁੱਦੇ ’ਤੇ ਕਾਫੀ ਗਰਮਾ-ਗਰਮੀ ਹੁੰਦੀ ਰਹੀ ਹੈ। ਇਸ ਦੌਰਾਨ ਭਾਜਪਾ, ਕਾਂਗਰਸ ਅਤੇ ਆਪ ਦੇ ਕੌਂਸਲਰ ਇਕ ਦੂਜੇ ਦੇ ਸਾਹਮਣੇ ਖੜੇ ਦਿਖਾਈ ਦਿੱਤੇ। ਨਿਗਮ ਵਿੱਚ ਮਾਹੌਲ ਵਿਗੜਦਾ ਦੇਖ ਮੇਅਰ ਸਰਬਜੀਤ ਕੌਰ ਢਿੱਲੋ ਨੇ ਉਕਤ ਮਾਮਲੇ ’ਤੇ ਵੋਟਿੰਗ ਕਰਵਾਉਣ ਦੀ ਪੇਸ਼ਕਸ਼ ਦਿੱਤੀ ਹੈ। ਭਾਜਪਾ ਵੱਲੋਂ ਨਿੱਜੀ ਕੰਪਨੀ ਨੂੰ ਠੇਕਾ ਦੇਣ ਦੇ ਫ਼ੈਸਲੇ ਦੀ ਹਮਾਇਤ ਕੀਤੀ ਗਈ ਤਾਂ ਕਾਂਗਰਸ ਅਤੇ ‘ਆਪ’ ਨੇ ਉਕਤ ਫ਼ੈਸਲੇ ਦਾ ਵਿਰੋਧ ਕੀਤਾ ਹੈ। ਆਮ ਆਦਮੀ ਪਾਰਟੀ (ਆਪ) ਦੇ ਨੇਤਾ ਯੋਗੇਸ਼ ਢੀਂਗਰਾ ਨੇ ਪਾਰਟੀ ਕੌਂਸਲਰਾਂ ਵੱਲੋਂ ਨਿੱਜੀ ਕੰਪਨੀ ਨੂੰ ਠੇਕਾ ਦੇਣ ਦੇ ਫ਼ੈਸਲੇ ਦੇ ਵਿਰੋਧ ਵਿੱਚ ਵੋਟ ਪਾਉਣ ਦਾ ਫ਼ੈਸਲਾ ਕੀਤਾ। ਨਿਗਮ ਵਿੱਚ ਪਾਰਟੀ ਦੇ ਨੇਤਾ ਦੇ ਫ਼ੈਸਲੇ ਦੇ ਉਲਟ ਜਾ ਕੇ 6 ਕੌਂਸਲਰਾਂ ਨੇ ਵੋਟਿੰਗ ਕੀਤੀ ਹੈ। ਇਸੇ ਕਰਕੇ ‘ਆਪ’ ਚੰਡੀਗੜ੍ਹ ਦੇ ਕਨਵੀਨਰ ਪ੍ਰੇਮ ਗਰਗ ਨੇ ਪਾਰਟੀ ਦੇ 6 ਕੌਂਸਲਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤੀ ਹੈ। ਸ੍ਰੀ ਗਰਗ ਦਾ ਕਹਿਣਾ ਹੈ ਕਿ 5 ਮਈ ਦਿਨ ਵੀਰਵਾਰ ਨੂੰ ਦੁਪਹਿਰ 1 ਵਜੇ ਤੱਕ ਇਸ ਨੋਟਿਸ ਦਾ ਜਵਾਬ ਦੇਣ ਦਾ ਸਮਾਂ ਦਿੱਤਾ ਹੈ, ਉਸ ਸਮੇਂ ਤੱਕ ਜਵਾਬ ਨਾ ਦੇਣ ਵਾਲੇ ਕੌਂਸਲਰਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਦਸੰਬਰ 2021 ਵਿੱਚ ਹੋਈ ਨਗਰ ਨਿਗਮ ਦੀਆਂ ਚੋਣਾਂ ਵਿੱਚ ਕਿਸੇ ਇਕ ਰਾਜਨੀਤਕ ਪਾਰਟੀ ਨੂੰ ਸਪਸ਼ਟ ਬਹੁਮਤ ਨਾ ਮਿਲਣ ਤੋਂ ਬਾਅਦ ਵੀ ਕੌਂਸਲਰਾਂ ਦੀ ਖਰੀਦੋ-ਫਰੋਖਤ ਤੱਕ ਦਾ ਮਾਮਲਾ ਸਾਹਮਣੇ ਆਇਆ ਸੀ। ਉਸ ਦੌਰਾਨ ਵੀ ‘ਆਪ’ ਨੇ ਭਾਜਪਾ ’ਤੇ ਕੌਂਸਲਰਾਂ ਦੀ ਖਰੀਦੋ-ਫਰੋਖਤ ਦੇ ਦੋਸ਼ ਲਗਾਏ ਸਨ। ਜਦੋਂਕਿ ਦਸੰਬਰ 2022 ਵਿੱਚ ਮੁੜ ਮੇਅਰ ਦੀ ਚੋਣ ਕੀਤੀ ਜਾਣੀ ਹੈ। ਇਸ ਵਾਰ ਵੀ ਕਿਸੇ ਇਕ ਰਾਜਨੀਤਕ ਪਾਰਟੀ ਕੋਲ ਸਪਸ਼ਟ ਬਹੁਮਤ ਨਾ ਹੋਣ ਕਰਕੇ ਸਾਰੀਆਂ ਰਾਜਸੀ ਪਾਰਟੀਆਂ ਦੂਜੀ ਪਾਰਟੀ ਦੇ ਕੌਂਸਲਰਾਂ ਨੂੰ ਆਪਣੇ ਨਾਲ ਮਿਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਨਿਗਮ ਮੀਟਿੰਗ ਵਿੱਚ ਭਾਜਪਾ ਨੇ ਆਪਣੇ ਹੱਕ ਵਿੱਚ ਵੋਟਿੰਗ ਕਰਵਾਉਣ ਲਈ ਕੋਈ ਸਾਜਿਸ਼ ਰਚੀ ਹੋ ਸਕਦੀ ਹੈ।