ਕੁਲਦੀਪ ਸਿੰਘ
ਚੰਡੀਗੜ੍ਹ, 21 ਅਪਰੈਲ
ਪੰਜਾਬ ਯੂਨੀਵਰਸਿਟੀ ਵਿੱਚ ਮੈੱਸਾਂ/ਕੰਟੀਨਾਂ ਵਿੱਚ ਖਾਣੇ ਦੇ ਰੇਟ ਘੱਟ ਕਰਵਾਉਣ, ਹੋਸਟਲ ਅਲਾਟਮੈਂਟ ਦੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਲਿਆਉਣ ਲਈ ਆਨਲਾਈਨ ਪੋਰਟਲ ਚਾਲੂ ਕਰਨ ਸਬੰਧੀ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਲੈ ਕੇ ਕਈ ਵਿਦਿਆਰਥੀ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਕੁਚਲਣ ਲਈ ਜਿੰਨਾ ਜ਼ੋਰ ਪੀ.ਯੂ. ਅਥਾਰਟੀ ਵੱਲੋਂ ਲਗਾਇਆ ਜਾ ਰਿਹਾ ਹੈ, ਉੱਨਾ ਹੀ ਜ਼ੋਰ ਜਥੇਬੰਦੀਆਂ ਵੱਲੋਂ ਵਿਰੋਧ ਕਰਨ ਵਿੱਚ ਲਗਾਇਆ ਜਾ ਰਿਹਾ ਹੈ। ਵਿਦਿਆਰਥੀਆਂ ਨਾਲ ਗੱਲਬਾਤ ਕਰਨ ਦੀ ਬਜਾਏ ਅਥਾਰਟੀ ਵੱਲੋਂ ਉਨ੍ਹਾਂ ਨੂੰ ਨੋਟਿਸ ਕੱਢੇ ਜਾ ਰਹੇ ਹਨ।
ਮੰਗਾਂ ਦੀ ਪੂਰਤੀ ਲਈ ਵਾਈਸ ਚਾਂਸਲਰ ਦਫ਼ਤਰ ਅੱਗੇ ਲਗਾਤਾਰ ਦਿਨ ਰਾਤ ਦੇ ਧਰਨੇ ਉੱਤੇ ਬੈਠੀ ਜਥੇਬੰਦੀ ‘ਸੱਥ’ ਦੇ ਬੈਨਰ ਹੇਠ ਵਿਦਿਆਰਥੀਆਂ ਵੱਲੋਂ ਅੱਜ ਧਰਨੇ ਦੇ 28ਵੇਂ ਦਿਨ ਡੀ.ਐੱਸ.ਡਬਲਯੂ. ਦਫ਼ਤਰ ਤੱਕ ਪੈਦਲ ਰੋਸ ਮਾਰਚ ਕੀਤਾ ਗਿਆ। ਜਦੋਂ ਉਨ੍ਹਾਂ ਅਧਿਕਾਰੀ ਨੂੰ ਮਿਲਣ ਦੀ ਮੰਗ ਕੀਤੀ ਤਾਂ ਸਕਿਓਰਿਟੀ ਨੇ ਉਨ੍ਹਾਂ ਨੂੰ ਬੈਰੀਕੇਡ ਲਗਾ ਕੇ ਅੰਦਰ ਜਾਣ ਤੋਂ ਰੋਕ ਦਿੱਤਾ। ਜਦੋਂ ਵਿਦਿਆਰਥੀਆਂ ਨੇ ਉੱਥੇ ਬੈਠ ਕੇ ਪੱਕੇ ਧਰਨੇ ਦਾ ਐਲਾਨ ਕਰ ਦਿੱਤਾ ਤਾਂ ਡੀ.ਐੱਸ.ਡਬਲਯੂ. ਗੱਲਬਾਤ ਦੇ ਬਹਾਨੇ ਆਏ ਅਤੇ ਉੱਥੋਂ ਚਲੇ ਗਏ।
ਸੱਥ ਦੇ ਆਗੂਆਂ ਸੁਖਵਿੰਦਰ ਸਿੰਘ ਤੇ ਹਰਮਨ ਨੇ ਕਿਹਾ ਕਿ ਜਥੇਬੰਦੀ ਦੇ ਆਗੂਆਂ ਨੂੰ ਡੀ.ਯੂ.ਆਈ. ਵੱਲੋਂ ਭੇਜੇ ਨੋਟਿਸਾਂ ਨੇ ਇਸ ਗੱਲ ਉੱਤੇ ਮੋਹਰ ਲਗਾ ਦਿੱਤੀ ਹੈ ਕਿ ਪੰਜਾਬ ਯੂਨੀਵਰਸਿਟੀ ਵਿੱਚ ਲੋਕਤੰਤਰ ਖਤਰੇ ਵਿੱਚ ਹੈ ਅਤੇ ਜਮਹੂਰੀਅਤ ਦਾ ਕਤਲ ਕੀਤਾ ਜਾ ਰਿਹਾ ਹੈ। ਨੋਟਿਸਾਂ ਵਿੱਚ ਕਿਹਾ ਗਿਆ ਹੈ ਕਿ ਧਰਨੇ ਵਿੱਚ ਸ਼ਾਮਿਲ ਵਿਦਿਆਰਥੀਆਂ ਨੂੰ ਆਪਣੇ ਪਛਾਣ ਪੱਤਰ ਦਿਖਾਉਣੇ ਜ਼ਰੂਰੀ ਹੋਣਗੇ, ਅਜਿਹਾ ਨਾ ਕਰਨ ਦੀ ਸੂਰਤ ਵਿੱਚ ਸਬੰਧਿਤ ਵਿਭਾਗ ਵੱਲੋਂ ਸੱਤ ਦਿਨਾ ਲਈ ਬਰਖਾਸਤ ਕੀਤਾ ਜਾਵੇਗਾ ਅਤੇ ਹੋਸਟਲ ਵਿੱਚੋਂ ਵੀ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀਆਂ ਮੰਗਾਂ ਬਿਲਕੁਲ ਜਾਇਜ਼ ਹਨ ਪ੍ਰੰਤੂ ਅਥਾਰਟੀ ਉਨ੍ਹਾਂ ਨਾਲ ਗੱਲਬਾਤ ਨਹੀਂ ਕਰ ਰਹੀ ਹੈ। ਹੁਣ ਉਕਤ ਮੰਗਾਂ ਦੇ ਨਾਲ-ਨਾਲ ਇਹ ਵੀ ਮੰਗ ਸ਼ੁਰੂ ਹੋ ਗਈ ਹੈ ਕਿ ਪੀ.ਯੂ. ਵਿੱਚ ਲੋਕਤੰਤਰੀ ਮਾਹੌਲ ਬਹਾਲ ਕੀਤਾ ਜਾਵੇ।
ਪੀ.ਐੱਸ.ਯੂ. (ਲਲਕਾਰ) ਦੇ ਆਗੂਆਂ ਅਮਨਦੀਪ ਸਿੰਘ ਅਤੇ ਅਮਨਦੀਪ ਕੌਰ ਨੇ ਕਿਹਾ ਕਿ ਜਥੇਬੰਦੀ ਉਕਤ ਦੋਵੇਂ ਮੰਗਾਂ ਦੀ ਪੂਰਤੀ ਲਈ ਸੰਘਰਸ਼ ਕਰ ਰਹੇ ਵਿਦਿਆਰਥੀਆਂ ਨੂੰ ਧਮਕਾਉਣ ਲਈ ਡੀਨ ਯੂਨੀਵਰਸਿਟੀ ਇੰਸਟਰੱਕਸ਼ਨ (ਡੀ.ਯੂ.ਆਈ.) ਦੇ ਜਾਰੀ ਤਾਨਾਸ਼ਾਹੀ ਹੁਕਮਾਂ ਦੀ ਨਿਖੇਧੀ ਕਰਦੀ ਹੈ। ਉਨ੍ਹਾਂ ਕਿਹਾ ਕਿ ਵਾਈਸ ਚਾਂਸਲਰ ਦੇ ਇਸ਼ਾਰੇ ’ਤੇ ਇਹ ਸਭ ਕੁਝ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਅਥਾਰਟੀ ਇੱਧਰ ਉੱਧਰ ਦੀਆਂ ਗੱਲਾਂ ਛੱਡ ਕੇ ਅਤੇ ਮੈੱਸ ਕੰਟੀਨ, ਵਿਦਿਆਰਥੀ ਕੇਂਦਰ ਦੇ ਰੇਟਾਂ ਵਿੱਚ ਵਾਧੇ ਨੂੰ ਵਾਪਸ ਲੈਣ ਅਤੇ ਆਨਲਾਈਨ ਹੋਸਟਲ ਪੋਰਟਲ ਨੂੰ ਬਹਾਲ ਕਰਨ।
ਵਿਦਿਆਰਥੀ ਜਥੇਬੰਦੀਆਂ ਇਕਜੁੱਟ ਹੋਈਆਂ
ਪੰਜਾਬ ਯੂਨੀਵਰਸਿਟੀ ਅਥਾਰਟੀ ਵੱਲੋਂ ਜਾਰੀ ਕੀਤੇ ਨੋਟਿਸਾਂ ਅਤੇ ਲੋਕਤੰਤਰੀ ਢਾਂਚਾ ਖ਼ਤਮ ਕਰਨ ਦੀਆਂ ਚਾਲਾਂ ਖਿਲਾਫ਼ ਅੱਜ ਵਿਦਿਆਰਥੀ ਜਥੇਬੰਦੀਆਂ ਏ.ਐੱਸ.ਏ., ਐੱਨ.ਐੱਸ.ਯੂ.ਆਈ., ਪੀ.ਐੱਸ.ਯੂ. (ਲਲਕਾਰ), ਪੰਜਾਬ ਫੈਮਿਨਿਸਟ ਯੂਨੀਅਨ ਆਫ਼ ਸਟੂਡੈਂਟਸ, ਸੋਪੂ, ਐੱਸ.ਓ.ਆਈ., ਸੱਥ, ਆਈਸਾ, ਐੱਸ.ਐੱਫ.ਐੱਸ. ਵੱਲੋਂ ਸਾਂਝੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਆਗੂਆਂ ਨੇ ਕਿਹਾ ਕਿ ਪੀ.ਯੂ. ਅਥਾਰਟੀ ਵੱਲੋਂ ਜਾਰੀ ਨੋਟਿਸ ਉਨ੍ਹਾਂ ਦੇ ਲੋਕਤੰਤਰੀ ਹੱਕਾਂ ਉੱਤੇ ਹਮਲਾ ਹੈ। ਉਨ੍ਹਾਂ ਕਿਹਾ ਕਿ ਅਥਾਰਟੀ ਦੇ ਇਨ੍ਹਾਂ ਹਮਲਿਆਂ ਦੀ ਪ੍ਰਵਾਹ ਨਾ ਕਰਦਿਆਂ ਉਹ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ।