ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 7 ਅਪਰੈਲ
ਇੱਥੋਂ ਦੇ ਹੋਟਲਾਂ ਅਤੇ ਮੈਰਿਜ ਪੈਲੇਸਾਂ ਵਿੱਚ ਕੰਮ ਕਰਦੇ ਵੇਟਰਾਂ, ਕੁੱਕ, ਕੈਟਰਰਾਂ ਅਤੇ ਇਸ ਕਾਰੋਬਾਰ ਨਾਲ ਸਬੰਧਤ ਹੋਰਨਾਂ ਲੋਕਾਂ ਵੱਲੋਂ ਅੱਜ ਇੱਥੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ।
ਮੁਜ਼ਾਹਰਾਕਾਰੀਆਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਵਿਆਹ-ਸ਼ਾਦੀਆਂ ’ਤੇ ਪਾਬੰਦੀ ਲਾ ਕੇ ਗਰੀਬ ਲੋਕਾਂ ਦੇ ਰੁਜ਼ਗਾਰ ਖੋਹ ਲਿਆ ਹੈ ਜਦਕਿ ਜ਼ੀਰਕਪੁਰ ਦੇ ਨਾਲ ਲੱਗਦੇ ਪੰਚਕੂਲਾ ਵਿੱਚ ਹਰਿਆਣਾ ਸਰਕਾਰ ਵੱਲੋਂ ਅਜਿਹੀ ਕੋਈ ਪਾਬੰਦੀ ਨਹੀਂ ਲਗਾਈ ਗਈ ਹੈ। ਮੁਜ਼ਾਹਰਾਕਾਰੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਵਿਆਹ-ਸ਼ਾਦੀਆਂ ਅਤੇ ਹੋਰਨਾਂ ਸਮਾਗਮਾਂ ’ਤੇ ਲਗਾਈਆਂ ਗਈਆਂ ਪਾਬੰਦੀਆਂ ਨੂੰ ਹਟਾਇਆ ਜਾਣਾ ਚਾਹੀਦਾ ਹੈ ਤਾਂ ਜੋ ਇਸ ਕਾਰੋਬਾਰ ਨਾਲ ਜੁੜੇ ਲੋਕ ਆਪਣਾ ਕਾਰੋਬਾਰ ਚਲਾ ਸਕਣ। ਮੁਜ਼ਾਹਰਾਕਾਰੀ ਦੇਵਨ ਸ਼ਰਮਾ, ਅਨੁਪਮ, ਕ੍ਰਿਸ਼ਨ ਕੁਮਾਰ ਸਮੇਤ ਹੋਰਨਾਂ ਨੇ ਦੱਸਿਆ ਕਿ ਇਸ ਵੇਲੇ ਬੇਰੁਜ਼ਗਾਰੀ ਦਾ ਇਹ ਹਾਲ ਹੋ ਗਿਆ ਹੈ ਕਿ ਉਨ੍ਹਾਂ ਨੂੰ ਆਪਣੇ ਪਰਿਵਾਰ ਚਲਾਉਣੇ ਔਖੇ ਹੋ ਗਏ ਹਨ। ਕੇਂਦਰ ਸਰਕਾਰ ਵੱਲੋਂ ਲੌਕਡਾਊਨ ਖੋਲ੍ਹ ਦਿੱਤਾ ਹੈ ਪਰ ਪੰਜਾਬ ਸਰਕਾਰ ਆਪਣੇ ਸਿਆਸੀ ਹਿੱਤਾਂ ਲਈ ਪੰਜਾਬ ਨੂੰ ਮੁੜ ਤੋਂ ਲੌਕਡਾਊਨ ਵੱਲ ਧਕੇਲ ਰਹੀ ਹੈ।