ਪੀ.ਪੀ. ਵਰਮਾ
ਪੰਚਕੂਲਾ, 17 ਫਰਵਰੀ
ਪੰਚਕੂਲਾ ਦੇ ਸਰਕਾਰੀ ਜਨਰਲ ਹਸਪਤਾਲ ਵਿੱਚ ਦੋ ਬੱਚਿਆਂ ਦੇ ਇਲਾਜ ਵਿੱਚ ਲਾਪ੍ਰਵਾਹੀ ਵਿਖਾਉਣ ਵਾਲੇ ਡਾਕਟਰਾਂ ਖ਼ਿਲਾਫ਼ ਬੱਚਿਆਂ ਦੇ ਮਾਪਿਆਂ ਅਤੇ ਆਮ ਲੋਕਾਂ ਨੇ ਵਿਰੋਧ ਪ੍ਰਗਟਾਇਆ ਅਤੇ ਗੱਲ ਤੂੰ-ਤੂੰ ਮੈਂ ਮੈਂ ਤੱਕ ਪਹੁੰਚ ਗਈ। ਏਸੀਪੀ ਵਿਜੈ ਨਹਿਰਾ ਦਾ ਬੇਟਾ ਅਤੇ ਉਸਦੇ ਰਿਸ਼ਤੇਦਾਰ ਦਾ ਬੇਟਾ ਸਾਈਕਲ ਚਲਾਉਂਦੇ ਹੋਏ ਡਿੱਗ ਗਏ ਸਨ ਅਤੇ ਉਨ੍ਹਾਂ ਦੇ ਸੱਟਾਂ ਲੱਗ ਗਈਆਂ ਸਨ। ਏਸੀਪੀ ਵਿਜੈ ਨਹਿਰਾ ਦੀ ਪਤਨੀ ਅਤੇ ਉਸਦਾ ਇੱਕ ਰਿਸ਼ਤੇਦਾਰ ਬੱਚਿਆਂ ਦਾ ਇਲਾਜ ਕਰਵਾਉਣ ਲਈ ਸਰਕਾਰੀ ਹਸਪਤਾਲ ਦੀ ਐਮਰਜੈਂਸੀ ਵਿੱਚ ਪਹੁੰਚੇ ਤਾਂ ਦੋ ਤੋਂ ਢਾਈ ਘੰਟੇ ਤੱਕ ਡਾਕਟਰਾਂ ਨੇ ਉਨ੍ਹਾਂ ਦੀ ਕੋਈ ਇਲਾਜ ਸ਼ੁਰੂ ਨਹੀਂ ਕੀਤਾ। ਇਸ ਦੌਰਾਨ ਜਦੋਂ ਏਸੀਪੀ ਨੇ ਐਮਰਜੈਂਸੀ ਵਿਭਾਗ ਦੇ ਡਾਕਟਰ ਅਮਰਜੀਤ ਨੂੰ ਪੁੱਛਿਆ ਕਿ ਇਲਾਜ ਕਿਉਂ ਲੇਟ ਹੋ ਰਿਹਾ ਹੈ ਤਾਂ ਡਾਕਟਰ ਤੇ ਉਸਦਾ ਸਟਾਫ਼ ਏਸੀਪੀ ਤੇ ਉਸਦੇ ਰਿਸ਼ਤੇਦਾਰ ਨਾਲ ਵਾਦ-ਵਿਦਾਦ ’ਚ ਉਲਝ ਗਏ। ਇਸ ਦੌਰਾਨ ਉਹ ਲੋਕ ਵੀ ਉੱਥੇ ਆ ਗਏ ਜਿਨ੍ਹਾਂ ਦੇ ਮਰੀਜ਼ਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਇਸ ਦੌਰਾਨ ਏਸੀਪੀ ਨੇ ਕਿਹਾ ਕਿ ਉਹ ਸਾਰੇ ਮਾਮਲੇ ਦੀ ਜਾਂਚ ਕਰਨਗੇ ਤੇ ਇਸ ਘਟਨਾ ਦਾ ਮਾਮਲਾ ਕੈਮਰੇ ਵਿੱਚ ਰਿਕਾਰਡ ਹੋ ਗਿਆ ਹੈ ਅਤੇ ਜੋ ਕੁਝ ਵੀ ਐਮਰਜੈਂਸੀ ਸਟਾਫ਼ ਨੇ ਉਨ੍ਹਾਂ ਨੂੰ ਬੋਲ-ਕਬੋਲ ਬੋਲੇ ਹਨ ਉਹ ਉਸਦੀ ਜਾਂਚ ਕਰਨਗੇ। ਇਸ ਦੌਰਾਨ ਏਸੀਪੀ ਤੇ ਉਸਦੇ ਰਿਸ਼ਤੇਦਾਰ ਬੱਚਿਆਂ ਨੂੰ ਪ੍ਰਾਈਵੇਟ ਹਸਪਤਾਲ ’ਚ ਲੈ ਗਏ। ਏਸੀਪੀ ਵਿਜੈ ਨਹਿਰਾ ਨੇ ਦੱਸਿਆ ਕਿ ਡਾਕਟਰਾਂ ਤੇ ਉਸਦੇ ਸਟਾਫ਼ ਨੇ ਉਨ੍ਹਾਂ ਨੂੰ ਮਾੜਾ ਬੋਲਿਆ ਸੀ ਅਤੇ ਇਸ ਬਾਰੇ ਉਹ ਇੱਕ ਰਿਪੋਰਟ ਬਣਾ ਕੇ ਸਿਹਤ ਤੇ ਗ੍ਰਹਿ ਮੰਤਰੀ ਅਨਿਲ ਵਿੱਜ ਨੂੰ ਭੇਜਣਗੇ। ਇਹ ਦੋਵੇਂ ਪੀੜਤ ਬੱਚੇ ਸਾਈਕਲ ਤੋਂ ਡਿੱਗ ਗਏ ਸਨ। ਸੀਨੀਅਰ ਡਾਕਟਰਾਂ ਵੱਲੋਂ ਇਸ ਮਾਮਲੇ ਵਿੱਚ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਗਿਆ। ਪੰਚਕੂਲਾ ਦੇ ਜਨਰਲ ਹਸਪਤਾਲ ਸੈਕਟਰ-6 ਦੇ ਪ੍ਰਿੰਸੀਪਲ ਡਾ. ਸੁਵੀਰ ਸਕਸੈਨਾ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਚ ਲਈ ਇੱਕ ਕਮੇਟੀ ਬਣਾਈ ਗਈ ਹੈ ਜਿਸ ’ਚ ਸੀਨੀਅਰ ਡਾਕਟਰ ਸ਼ਾਮਲ ਕੀਤੇ ਗਏ ਹਨ ਤੇ ਕਮੇਟੀ ਜਲਦੀ ਹੀ ਆਪਣੀ ਰਿਪੋਰਟ ਦੇਵੇਗੀ। ਹਸਪਤਾਲ ਦੇ ਇੱਕ ਸੀਨੀਅਰ ਡਾਕਟਰ ਨੇ ਆਪਣਾ ਨਾਂ ਨਾ ਦੱਸਣ ’ਤੇ ਜਾਣਕਾਰੀ ਦਿੱਤੀ ਕਿ ਡਾਕਟਰ ਅਮਰਜੀਤ ਨੂੰ ਹੰਗਾਮਾ ਸ਼ਾਂਤ ਕਰਵਾਉਣ ਲਈ ਭੇਜਿਆ ਸੀ ਪਰ ਉਹ ਖੁਦ ਹੀ ਇਸ ਮਾਮਲੇ ’ਚ ਉਲਝ ਗਏ।