ਪੱਤਰ ਪ੍ਰੇਰਕ
ਬਨੂੜ, 2 ਜਨਵਰੀ
ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ ਬਨੂੜ ਤੋਂ ਖਰੜ ਤੱਕ ਦੇ 22 ਕਿਲੋਮੀਟਰ ਦੇ ਕੌਮੀ ਮਾਰਗ ’ਤੇ ਪੈਂਦੇ ਸਰਕਾਰੀ ਹਾਈ ਸਕੂਲਾਂ ਵਿੱਚੋਂ ਕਿਸੇ ਨੂੰ ਵੀ ਅਪਗਰੇਡ ਨਹੀਂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਅਕਾਲੀ-ਭਾਜਪਾ ਸਰਕਾਰ ਵੇਲੇ ਵੀ ਅਪਗਰੇਡ ਕੀਤੇ ਸਕੂਲਾਂ ਵਿੱਚ ਕੌਮੀ ਮਾਰਗ ’ਤੇ ਪੈਂਦੇ ਪਿੰਡਾਂ ਦੇ ਸਕੂਲ ਸ਼ਾਮਲ ਨਹੀਂ ਸਨ। ਬਨੂੜ ਤੇ ਖਰੜ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੌਜੂਦ ਹਨ, ਪਰ ਵਿਚਾਲੇ ਦੇ ਸਮੁੱਚੇ ਖੇਤਰ ਵਿੱਚ ਤੰਗੌਰੀ, ਸਨੇਟਾ ਤੇ ਲਾਂਡਰਾਂ ਪਿੰਡ ਵਿੰਚ ਲੰਮੇ ਸਮੇਂ ਤੋਂ ਹਾਈ ਸਕੂਲ ਹੀ ਹਨ ਤੇ ਇਨ੍ਹਾਂ ਵਿੱਚੋਂ ਕਿਸੇ ਦਾ ਵੀ ਦਰਜਾ ਨਹੀਂ ਵਧਾਇਆ ਗਿਆ। ਇਲਾਕੇ ਦੀਆਂ ਪੰਚਾਇਤਾਂ ਅਤੇ ਹੋਰ ਮੋਹਤਬਰਾਂ ਨੇ ਪੰਜਾਬ ਸਰਕਾਰ ਤੋਂ ਬਨੂੜ ਅਤੇ ਖਰੜ ਦੇ ਵਿਚਕਾਰ ਪੈਂਦੇ ਪਿੰਡ ਸਨੇਟਾ ਦੇ ਸਰਕਾਰੀ ਹਾਈ ਸਕੂਲ ਨੂੰ ਬਿਨ੍ਹਾਂ ਕਿਸੇ ਦੇਰੀ ਤੋਂ ਸੀਨੀਅਰ ਸੈਕੰਡਰੀ ਬਣਾਏ ਜਾਣ ਦੀ ਮੰਗ ਕੀਤੀ ਹੈ। ਪਿੰਡ ਸਨੇਟਾ ਦੇ ਸਰਪੰਚ ਚੌਧਰੀ ਭਗਤ ਰਾਮ ਨੇ ਆਖਿਆ ਕਿ ਸਨੇਟਾ ਸਕੂਲ ਵਿੱਚ ਦਰਜਨ ਦੇ ਕਰੀਬ ਪਿੰਡਾਂ ਦੇ ਸੈਂਕੜੇ ਬੱਚੇ ਪੜ੍ਹਨ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਹਰ ਪਾਸੇ ਨੂੰ ਬੱਸ ਸਰਵਿਸ ਹੋਣ ਕਾਰਨ ਹਰੇਕ ਥਾਂ ਤੋਂ ਇੱਥੇ ਹੋਰ ਵੀ ਬੱਚੇ ਪੜ੍ਹਨ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਸਕੂਲ ਕੋਲ ਬਾਰ੍ਹਵੀਂ ਤੱਕ ਦੀਆਂ ਕਲਾਸਾਂ ਲਈ ਇਮਾਰਤ ਵੀ ਮੌਜੂਦ ਹੈ। ਉਨ੍ਹਾਂ ਮੰਗ ਕੀਤੀ ਕਿ ਬਿਨ੍ਹਾਂ ਕਿਸੇ ਦੇਰੀ ਤੋਂ ਸਨੇਟਾ ਦੇ ਹਾਈ ਸਕੂਲ ਨੂੰ ਸੀਨੀਅਰ ਸੈਕੰਡਰੀ ਕੀਤਾ ਜਾਵੇ। ਉਨ੍ਹਾਂ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਤੋਂ ਵੀ ਇਸ ਸਬੰਧੀ ਕਾਰਵਾਈ ਦੀ ਮੰਗ ਕਰਦਿਆਂ ਸਕੂਲ ਨੂੰ ਅਪਗਰੇਡ ਕਰਾਉਣ ਦੀ ਮੰਗ ਕੀਤੀ ਹੈ।