ਬਨੂੜ: ਪਿੰਡ ਕੁਰੜਾ ਵਿੱਚ ਉਸਾਰੀ ਜਾਣ ਵਾਲੀ ਜੇਲ੍ਹ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਹੁੰਚਿਆ ਹੋਇਆ ਹੈ। ਪਿੰਡ ਦੇ ਵਸਨੀਕ ਮੁਖਤਿਆਰ ਸਿੰਘ ਨੇ ਅਦਾਲਤ ਵਿੱਚ ਕੇਸ ਦਾਇਰ ਕਰਕੇ ਪਿੰਡ ਵਿੱਚ ਜੇਲ੍ਹ ਨਾ ਬਣਾਏ ਜਾਣ ਦੀ ਗੁਹਾਰ ਲਗਾਈ ਹੈ। ਉਨ੍ਹਾਂ ਇਸ ਸਬੰਧੀ ਸਰਪੰਚ ਅਤੇ ਹੋਰਾਂ ਨੂੰ ਧਿਰ ਬਣਾਇਆ ਹੋਇਆ ਹੈ। ਉੱਧਰ ਪਿੰਡ ਕੁਰੜਾ ਦੇ ਸਰਪੰਚ ਦੇਵਿੰਦਰ ਸਿੰਘ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਹਾਲੇ ਤੱਕ ਇਸ ਮਾਮਲੇ ਸਬੰਧੀ ਕੋਈ ਨੋਟਿਸ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ 13 ਸਤੰਬਰ ਨੂੰ ਅਦਾਲਤ ਵੱਲੋਂ ਜੇਲ੍ਹ ਬਣਾਉਣ ਉੱਤੇ ਰੋਕ ਲਗਾਉਣ ਲਈ ਕੋਈ ਸਟੇਅ ਨਹੀਂ ਦਿੱਤੀ ਗਈ, ਸਿਰਫ਼ ਸਟੇਅ ਦੇਣ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਅਗਲੀ ਸੁਣਵਾਈ 31 ਅਕਤੂਬਰ ਨੂੰ ਹੋਣੀ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਬਣਨ ਨਾਲ ਇਸ ਖੇਤਰ ਅਤੇ ਪਿੰਡ ਦਾ ਵਿਕਾਸ ਹੋਵੇਗਾ। -ਪੱਤਰ ਪ੍ਰੇਰਕ