ਪੱਤਰ ਪ੍ਰੇਰਕ
ਜ਼ੀਰਕਪੁਰ, 14 ਮਈ
ਸ਼ਹਿਰ ਵਿੱਚ ਕਾਲਕਾ ਚੌਕ ਦੇ ਨੇੜੇ ਗਲਤ ਥਾਂ ’ਤੇ ਜ਼ੀਰਕਪੁਰ ਦੇ ਬੱਸ ਅੱਡੇ ਦੀ ਉਸਾਰੀ ਹੋਣ ਕਾਰਨ ਕਰੋੜਾਂ ਰੁਪਏ ਮਿੱਟੀ ਹੋ ਗਏ ਹਨ। ਫਲਾਈਓਵਰ ਦੇ ਹੇਠਾਂ ਹਰ ਵੇਲੇ ਵਾਹਨਾਂ ਦੀ ਘੜਮੱਸ ਵਾਲੀ ਥਾਂ ’ਤੇ ਬਣੇ ਇਸ ਬੱਸ ਅੱਡੇ ਵਿੱਚ ਬੱਸਾਂ ਦਾਖਲ ਨਹੀਂ ਹੁੰਦੀਆਂ। ਸਿੱਟੇ ਵਜੋਂ ਲੰਬੇ ਰੂਟ ਦੀਆਂ ਬੱਸਾਂ ਨੂੰ ਹਾਈਵੇਅ ਦੇ ਕੰਢੇ ਵਸੇ ਸਿੰਘਪੁਰਾ ਚੌਕ ਕੋਲ ਰੋਕਿਆ ਜਾਂਦਾ ਹੈ। ਇਥੇ ਸਵਾਰੀਆਂ ਦੇ ਬੈਠਣ ਲਈ ਢੁੱਕਵੇਂ ਪ੍ਰਬੰਧ ਨਾ ਹੋਣ ਕਾਰਨ ਸਵਾਰੀਆਂ ਨੂੰ ਧੁੱਪ ਅਤੇ ਮੀਂਹ ਵਿੱਚ ਬੱਸਾਂ ਨੂੰ ਉਡੀਕਣਾ ਪੈਂਦਾ ਹੈ, ਉਪਰੋਂ ਵਾਹਨਾਂ ਦੇ ਘੜਮੱਸ ਕਾਰਨ ਹਾਦਸੇ ਦਾ ਖ਼ਤਰਾ ਵੱਖਰਾ ਬਣਿਆ ਰਹਿੰਦਾ ਹੈ।
ਤਤਕਾਰੀ ਅਕਾਲੀ ਭਾਜਪਾ ਸਰਕਾਰ ਵੱਲੋਂ ਤਕਰੀਬਨ ਪੰਜ ਕਰੋੜ ਰੁਪਏ ਦੀ ਲਾਗਤ ਨਾਲ ਅਤਿ ਆਧੁਨਿਕ ਬੱਸ ਅੱਡੇ ਦੀ ਉਸਾਰੀ ਕੀਤੀ ਗਈ ਸੀ ਜਿਸ ਦਾ ਉਦਘਾਟਨ ਲਈ ਤਤਕਾਲ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੀਤਾ ਸੀ। ਕਾਲਕਾ ਚੌਕ ਤੇ ਹਰ ਵੇਲੇ ਭਾਰੀ ਆਵਾਜਾਈ ਰਹਿੰਦੀ ਹੈ ਤੇ ਜਾਮ ਵਰਗੀ ਸਥਿਤੀ ਬਣੀ ਰਹਿੰਦੀ ਹੈ। ਸਿੱਟੇ ਵਜੋਂ ਬੱਸਾਂ ਨੂੰ ਅੱਡੇ ਦੀ ਅੰਦਰ ਤੇ ਬਾਹਰ ਨਿਕਲਣ ਲਈ ਹਰ ਵੇਲੇ ਜਾਮ ਦਾ ਸਾਹਮਣਾ ਕਰਨਾ ਪੈਂਦਾ ਹੈ। ਪਟਿਆਲਾ ਵੱਲ ਜਾਣ ਵਾਲੀ ਸਵਾਰੀਆਂ ਨੂੰ ਪਟਿਆਲਾ ਚੌਕ ’ਤੇ ਖੜ੍ਹਨਾ ਪੈਂਦਾ ਹੈ ਜਿਸ ਕਾਰਨ ਉੱਧਰ ਜਾਣ ਵਾਲੀ ਬੱਸਾਂ ਵੀ ਇਥੇ ਦਾਖ਼ਲ ਹੋਣ ਵਿਚ ਗੁਰੇਜ਼ ਕਰਦੀਆਂ ਹਨ।
ਸਬੰਧਤ ਵਿਭਾਗ ਕੋਲ ਕੇਸ ਭੇਜ ਛੇਤੀ ਹੱਲ ਕਰਵਾਇਆ ਜਾਵੇਗਾ: ਐੱਸਡੀਐੱਮ
ਜ਼ੀਰਕਪੁਰ: ਐਸਡੀਐਮ ਡੇਰਾਬੱਸੀ ਕੁਲਦੀਪ ਬਾਵਾ ਨੇ ਕਿਹਾ ਕਿ ਛੇਤੀ ਇਸ ਮਸਲੇ ਨੂੰ ਪੰਜਾਬ ਸਰਕਾਰ ਦੇ ਸਬੰਧਤ ਮਹਿਕਮੇ ਤੱਕ ਪਹੁੰਚਾ ਕੇ ਹੱਲ ਕਰਵਾਇਆ ਜਾਵੇਗਾ।