ਪੱਤਰ ਪ੍ਰੇਰਕ
ਲਾਲੜੂ, 10 ਫਰਵਰੀ
ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਉਮੀਦਵਾਰ ਜਿਥੇ ਵੋਟਰਾਂ ਨਾਲ ਘਰ-ਘਰ ਜਾ ਕੇ ਸੰਪਰਕ ਕਰ ਰਹੇ ਹਨ ਉਥੇ ਕਰੋਨਾ ਦਿਸ਼ਾ ਨਿਰਦੇਸ਼ਾ ਦੇ ਚਲਦੇ ਸੋਸ਼ਲ ਮੀਡੀਆ ਵੀ ਵੋਟਰਾਂ ਨਾਲ ਜੁੜਨ ਦਾ ਇਕ ਪਲੇਟਫਾਰਮ ਬਣਿਆ ਹੋਇਆ ਹੈ। ਇਸ ਮਾਮਲੇ ’ਚ ਵਿਧਾਨ ਸਭਾ ਹਲਾਕ ਡੇਰਾਬਸੀ ਤੋਂ ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਐਨਕੇ ਸ਼ਰਮਾ ਬਾਕੀ ਉਮੀਦਵਾਰਾਂ ਤੋਂ ਅੱਗੇ ਚੱਲ ਰਹੇ ਹਨ। ਉਨ੍ਹਾਂ ਦੀ ਆਈਟੀ ਪ੍ਰੋਫੈਸ਼ਨਲ ਟੀਮ ਮੋਰਚਾ ਸੰਭਾਲ ਕੇ ਘਰ ਬੈਠੇ ਵੋਟਰਾਂ ਨੂੰ ਜਾਣਕਾਰੀ ਦੇ ਰਹੀ ਹੈ। ਸੋਸ਼ਲ ਮੀਡੀਆ ’ਤੇ ਸ਼ਰਮਾ ਨਾਲ ਜੁੜਨ ਵਾਲਿਆਂ ਦੀ ਗਿਣਤੀ ਵੀ ਬਾਕੀਆਂ ਨਾਲੋਂ ਵੱਧ ਹੈੇ ਫੇਸਬੁੱਕ ’ਤੇ ਲਾਈਵ ਹੋ ਕੇ ਲੋਕਾਂ ਦੇ ਮੁੱਦੇ ਚੁੱਕਣ ਵਾਲੇ ਸ਼ਰਮਾ ਲੌਕਡਾਉਨ ਦੌਰਾਨ ਸੋਸ਼ਲ ਮੀਡੀਆ ਰਾਹੀਂ ਲੋਕਾਂ ਨਾਲ ਜੁੜੇ ਰਹੇ। ਸ਼ਰਮਾ ਦੀ ਸੋਸ਼ਲ ਮੀਡੀਆ ਟੀਮ ਦੇ ਇੰਚਾਰਜ ਅੰਬਰੀਸ਼ ਤਿਆਗੀ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਤਿੰਨ ਸੋਸ਼ਲ ਮੀਡੀਆ ਟੂਲਜ਼ ’ਤੇ ਕੇਂਦਰਿੱਤ ਹੈ। ਔਸਤਨ ਹਰ ਇਕ ਪੋਸਟ ਨੂੰ ਇਕ ਹਜ਼ਾਰ ਤੋਂ ਵੱਧ ਲਾਈਕ ਮਿਲ ਰਹੇ ਹਨ ਅਤੇ ਔਸਤਨ 500 ਤੋਂ 600 ਲੋਕ ਉਸ ਨੂੰ ਸ਼ੇਅਰ ਕਰਦੇ ਹਨ। ਇਸ ਤੋਂ ਇਲਾਵਾ ਵਟਸਐਪ ਗਰੁੱਪ ਬਣਾ ਕੇ ਵੀ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ, ਜਿਸ ਦੀ ਪਹੁੰਚ ਰੋਜ਼ਾਨਾ 25 ਤੋਂ 30 ਹਜ਼ਾਰ ਲੋਕਾਂ ਤੱਕ ਹੈ।