ਜਗਮੋਹਨ ਸਿੰਘ
ਰੂਪਨਗਰ/ਘਨੌਲੀ, 15 ਮਈ
ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਅਤੇ ਅੰਬੂਜਾ ਸੀਮਿੰਟ ਫੈਕਟਰੀ ਦੇ ਪ੍ਰਦੂਸ਼ਣ ਖ਼ਿਲਾਫ਼ ਦਬੁਰਜੀ ਵਿੱਚ ਪਿਛਲੇ 22 ਦਿਨਾਂ ਤੋਂ ਰੋਸ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਵੱਲੋਂ ਅੱਜ ਪਿੰਡਾਂ ਵਿੱਚ ਮੋਟਰਸਾਈਕਲ ਤੇ ਕਾਰ ਰੈਲੀ ਕੱਢ ਕੇ ਨਾਅਰੇਬਾਜ਼ੀ ਕੀਤੀ ਗਈ। ਅੱਜ ਦੀ ਰੈਲੀ ਵਿੱਚ ਟਰੱਕ ਯੂਨੀਅਨ ਰੂਪਨਗਰ ਨਾਲ ਸਬੰਧਤ ਟਰੱਕ ਅਪਰੇਟਰ ਵੀ ਸ਼ਾਮਲ ਹੋਏ।
‘ਆਪ’ ਆਗੂ ਰਾਜਿੰਦਰ ਸਿੰਘ ਘਨੌਲਾ, ਸਾਬਕਾ ਸਰਪੰਚ ਤਜਿੰਦਰ ਸਿੰਘ ਸੋਨੀ ਲੋਹਗੜ੍ਹ ਫਿੱਡੇ, ਪਰਮਜੀਤ ਸਿੰਘ ਬਹਾਦਰਪੁਰ, ਮਨਪ੍ਰੀਤ ਸਿੰਘ ਦਬੁਰਜੀ, ਅਮਰਜੀਤ ਕੌਰ ਸਰਪੰਚ ਨੂੰਹੋਂ ਤੇ ਕੁਲਦੀਪ ਸਿੰਘ ਜੇਈ ਦੀ ਅਗਵਾਈ ਵਿੱਚ ਕੱਢੀ ਗਈ ਇਹ ਰੈਲੀ ਦਬੁਰਜੀ ਤੋਂ ਸ਼ੁਰੂ ਹੋ ਕੇ ਰਤਨਪੁਰਾ, ਨੂੰਹੋਂ, ਨੂੰਹੋਂ ਕਲੋਨੀ, ਘਨੌਲੀ, ਥਲੀ ਕਲਾਂ, ਸਿੰਘਪੁਰਾ, ਅਲੀਪੁਰ, ਖੁਆਸਪੁਰਾ, ਕਟਲੀ, ਬਹਾਦਰਪੁਰ, ਲੌਦੀਮਾਜਰਾ, ਲੋਹਗੜ੍ਹ ਫਿੱਡੇ ਆਦਿ ਪਿੰਡਾਂ ਨੂੰ ਹੁੰਦੀ ਹੋਈ ਵਾਪਸ ਦਬੁਰਜੀ ਪੁੱਜ ਕੇ ਸਮਾਪਤ ਹੋਈ।
ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਅੰਬੂਜਾ ਸੀਮਿੰਟ ਫੈਕਟਰੀ ਅਤੇ ਥਰਮਲ ਪਲਾਂਟ ਰੂਪਨਗਰ ਤੋਂ ਇਲਾਕੇ ਦੇ ਲੋਕਾਂ ਨੂੰ ਸਿਵਾਏ ਪ੍ਰਦੂਸ਼ਣ ਤੋਂ ਹੋਰ ਕੁਝ ਵੀ ਨਸੀਬ ਨਹੀਂ ਹੋ ਰਿਹਾ। ਪ੍ਰਦੂਸ਼ਣ ਕਾਰਨ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਤੇ ਸਾਹ ਲੈਣਾ ਔਖਾ ਹੋ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਅਦਾਰਿਆਂ ਦਾ ਪ੍ਰਦੂਸ਼ਣ ਲੋਕਾਂ ਦਾ ਦਮ ਘੁੱਟ ਰਿਹਾ ਹੈ ਤੇ ਫੈਕਟਰੀ ਤੇ ਥਰਮਲ ਪਲਾਂਟ ਤੋਂ ਢੋਆ ਢੁਆਈ ਕਰ ਰਹੇ ਓਵਰਲੋਡ ਟਰਾਲਿਆਂ ਕਾਰਨ ਇਲਾਕੇ ਦੇ ਟਰੱਕ ਚਾਲਕਾਂ ਨੂੰ ਮਾਲ ਨਹੀਂ ਮਿਲ ਰਿਹਾ।
ਇਲਾਕਾ ਵਾਸੀਆਂ ਅਨੁਸਾਰ ਥਰਮਲ ਪਲਾਂਟ ਦੀਆਂ ਝੀਲਾਂ ਵਿੱਚੋਂ ਸੁਆਹ ਚੁੱਕਣ ਲਈ ਵਰਤੇ ਜਾ ਰਹੇ ਖੁੱਲ੍ਹੀ ਬਾਡੀ ਵਾਲੇ ਟਿੱਪਰ ਪ੍ਰਦੂਸ਼ਣ ਵਿੱਚ ਵਾਧਾ ਕਰਦੇ ਹਨ। ਧਰਨਾਕਾਰੀਆਂ ਨੇ ਦੋਸ਼ ਲਗਾਇਆ ਕਿ ਪੁਲੀਸ, ਪ੍ਰਸ਼ਾਸਨ, ਟਰਾਂਸਪੋਰਟ ਵਿਭਾਗ ਅਤੇ ਪ੍ਰਦੂਸ਼ਣ ਵਿਭਾਗ ਵੱਲੋਂ ਉਨ੍ਹਾਂ ਦੀ ਕਥਿਤ ਤੌਰ ’ਤੇ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਜਿਸ ਕਰਕੇ ਉਨ੍ਹਾਂ ਨੂੰ ਅੱਜ ਰੋਸ ਰੈਲੀ ਕੱਢਣੀ ਪਈ। ਧਰਨਾਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਹਾਲੇ ਵੀ ਉਨ੍ਹਾਂ ਦੀ ਗੱਲ ਨਾ ਸੁਣੀ ਗਈ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ।