ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 19 ਜਨਵਰੀ
ਸੋਹਾਣਾ ਪੁਲੀਸ ਨੇ ਜ਼ਮੀਨ ਦੀ ਖ਼ਰੀਦੋ-ਫਰੋਖ਼ਤ ਦੇ ਮਾਮਲੇ ਵਿੱਚ ਐੱਨਆਰਆਈ ਔਰਤ ਨਾਲ ਕਰੋੜ ਰੁਪਏ ਤੋਂ ਵੱਧ ਦੀ ਠੱਗੀ ਮਾਰਨ ਦੇ ਦੋਸ਼ ਹੇਠ ਚੰਡੀਗੜ੍ਹ ਦੇ ਇੱਕ ਹੋਟਲ ਮਾਲਕ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਹੈ। ਅਮਰੀਕਾ ਰਹਿੰਦੀ ਸ੍ਰੀਮਤੀ ਕੁਲਵਿੰਦਰ ਗੁਰਚਰਨ ਸਿੰਘ ਦੇ ਕੇਸ ਦੀ ਪੈਰਵੀ ਕਰ ਰਹੇ ਭਾਜਪਾ ਆਗੂ ਤੇ ਸਾਬਕਾ ਕੌਂਸਲਰ ਸ਼ਿੰਦਰਪਾਲ ਸਿੰਘ ਬੌਬੀ ਕੰਬੋਜ ਨੇ ਦੱਸਿਆ ਕਿ ਪੀੜਤਾ ਨੇ ਸਾਲ 2008 ਵਿੱਚ ਬੱਦੀ ਵਿੱਚ 10 ਵਿੱਘੇ 123 ਬਿਸਵੇ ਜ਼ਮੀਨ ਇੱਕ ਕਰੋੜ 5 ਲੱਖ ਰੁਪਏ ਲੈਣ ਲਈ ਪ੍ਰੇਮ ਪਾਲ ਗਾਂਧੀ ਨਾਲ ਐਗਰੀਮੈਂਟ ਕੀਤਾ ਸੀ ਪਰ ਉਸ ਨੇ ਪੂਰੇ ਪੈਸੇ ਵਸੂਲ ਕਰਨ ਦੇ ਬਾਵਜੂਦ ਸਬੰਧਤ ਜ਼ਮੀਨ ਦੀ ਰਜਿਸਟਰੀ ਨਹੀਂ ਕਰਵਾਈ ਜਦਕਿ ਪੈਸਿਆਂ ਦਾ ਇਹ ਸਾਰਾ ਲੈਣ ਦੇਣ ਮੁਹਾਲੀ ਵਿੱਚ ਹੋਇਆ ਸੀ।
ਬੌਬੀ ਕੰਬੋਜ ਨੇ ਐੱਨਆਰਆਈ ਔਰਤ ਦੀ ਸ਼ਿਕਾਇਤ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਪੀੜਤਾ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਮੁਲਜ਼ਮ ਨੇ ਉਕਤ ਜ਼ਮੀਨ ’ਤੇ ਪਹਿਲਾਂ ਹੀ ਤਿੰਨ ਕਰੋੜ ਤੋਂ ਵੱਧ ਰਾਸ਼ੀ ਦਾ ਕਰਜ਼ਾ ਲਿਆ ਹੋਇਆ ਸੀ, ਜਿਸ ਕਾਰਨ ਉਹ ਰਜਿਸਟਰੀ ਕਰਵਾਉਣ ਤੋਂ ਆਨਾਕਾਨੀ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਸਾਲ 2017 ਵਿੱਚ ਵੀ ਪ੍ਰੇਮ ਪਾਲ ਗਾਂਧੀ ਨੇ ਪੀੜਤਾ ਨਾਲ ਸਮਝੌਤਾ ਕਰਕੇ ਸਾਰੇ ਪੈਸੇ ਵਾਪਸ ਦੇਣ ਜਾਂ ਜ਼ਮੀਨ ਦੀ ਰਜਿਸਟਰੀ ਕਰਵਾਉਣ ਦੀ ਹਾਮੀ ਭਰੀ ਭਰੀ ਸੀ ਪਰ ਉਹ ਬਾਅਦ ਵਿੱਚ ਆਪਣੇ ਰਾਜ਼ੀਨਾਮੇ ਤੋਂ ਮੁੱਕਰ ਗਿਆ।
ਇਸ ਮਗਰੋਂ 26 ਨਵੰਬਰ 2019 ਵਿੱਚ ਫਿਰ ਰਾਜ਼ੀਨਾਮਾ ਕੀਤਾ ਪਰ ਉਹ ਫਿਰ ਰਾਜ਼ੀਨਾਮੇ ਦੀਆਂ ਸ਼ਰਤਾਂ ਪੂਰੀਆਂ ਨਾ ਕਰ ਸਕਿਆ ਜਿਸ ਕਾਰਨ ਪੀੜਤਾ ਨੇ ਦੁਖੀ ਹੋ ਕੇ ਥਾਣੇ ਦਾ ਬੂਹਾ ਖੜਕਾਇਆ ਅਤੇ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਦੇ ਕੇ ਪ੍ਰੇਮ ਪਾਲ ਗਾਂਧੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ।
ਪੁਲੀਸ ਨੇ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕੀਤੀ ਗਈ ਅਤੇ ਪ੍ਰੇਮ ਪਾਲ ਗਾਂਧੀ ਨੂੰ ਕਸੂਰਵਾਰ ਮੰਨਦਿਆਂ ਉਸ ਖ਼ਿਲਾਫ਼ ਕੇਸ ਦਰਜ ਕਰਨ ਦੀ ਸਿਫ਼ਾਰਸ਼ ਕੀਤੀ ਗਈ ਜਿਸ ਮਗਰੋਂ ਡੀਏ ਲੀਗਲ ਦੀ ਰਾਇ ਲੈ ਕੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।