ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 2 ਮਈ
ਯੂਟੀ ਦੇ ਸਿੱਖਿਆ ਵਿਭਾਗ ਵੱਲੋਂ ਇਸ ਵਿਦਿਅਕ ਵਰ੍ਹੇ ਤੋਂ ਸਰਕਾਰੀ ਸਕੂਲਾਂ ਦੇ ਨੌਵੀਂ ਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵੋਕੇਸ਼ਨਲ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ। ਇਸ ਲਈ ਵਿਭਾਗ ਨੇ 38 ਸਕੂਲਾਂ ’ਚ ਵੋਕੇਸ਼ਨਲ ਅਧਿਆਪਕ ਭਰਤੀ ਕਰਨ ਦਾ ਫੈਸਲਾ ਕੀਤਾ ਹੈ ਜਿਸ ਲਈ ਇੰਟਰਵਿਊ 4 ਮਈ ਤੋਂ ਸ਼ੁਰੂ ਹੋਣਗੇ। ਇਹ ਸਕੂਲ ਆਪਣੇ ਪੱਧਰ ’ਤੇ ਹੀ ਵੋਕੇਸ਼ਨਲ ਅਧਿਆਪਕ ਰੱਖੇਗਾ ਜੋ ਮਹੀਨੇ ’ਚ 60 ਘੰਟੇ ਪੜ੍ਹਾਏਗਾ ਤੇ ਉਸ ਨੂੰ ਵੱਧ ਤੋਂ ਵੱਧ ਵੀਹ ਹਜ਼ਾਰ ਰੁਪਏ ਮਹੀਨਾ ਭੁਗਤਾਨ ਕੀਤਾ ਜਾਵੇਗਾ। ਇਸ ਸਬੰਧੀ ਮਨਜ਼ੂਰੀ ਕੇਂਦਰ ਦੇ ਪ੍ਰਾਜੈਕਟ ਅਪਰੂਵਲ ਬੋਰਡ ਨੇ ਦਿੱਤੀ ਹੈ। ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ 10 ਮਹੀਨੇ ਦਾ ਵੋਕੇਸ਼ਨਲ ਕੋਰਸ ਕਰਵਾਇਆ ਜਾਵੇਗਾ। ਇਹ ਵੋਕੇਸ਼ਨਲ ਅਧਿਆਪਕ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ- 8, 10, 15, 16, 18, 19, 20-ਬੀ, 20-ਡੀ, 21, 22, 23, 26 ਟਿੰਬਰ ਮਾਰਕੀਟ, 27, 28, 32, 35, 33, 37-ਡੀ, 37-ਬੀ, 38 ਵੈਸਟ 39, 40,44, 45, 46, 47, 56 ਤੋਂ ਇਲਾਵਾ ਸਰਕਾਰੀ ਸਕੂਲ ਮਲੋਆ ਕਲੋਨੀ, ਰਾਏਪੁਰ ਖੁਰਦ, ਖੁੱਡਾ ਲਾਹੌਰਾ, ਖੁੱਡਾ ਅਲੀਸ਼ੇਰ, ਮੌਲੀ ਜੱਗਰਾਂ, ਸਾਰੰਗਪੁਰ, ਧਨਾਸ, ਕੈਂਬਵਾਲਾ, ਕਰਸਾਨ, ਐਮਐਮਟੀ, ਐਮਐਮਸੀ ਆਦਿ ਸਕੂਲਾਂ ’ਚ ਤਾਇਨਾਤ ਹੋਣਗੇ ਤੇ ਵਿਦਿਆਰਥੀਆਂ ਨੂੰ ਤਕਨੀਕੀ ਸਿੱਖਿਆ ਨਾਲ ਜੋੜਨਗੇ।
ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਮਲੋਆ ਨੇ ਜਨਤਕ ਨੋਟਿਸ ਜਾਰੀ ਕਰ ਕੇ 4 ਮਈ ਨੂੰ ਇੰਟਰਵਿਊ ਵੀ ਰੱਖ ਲਈ ਹੈ। ਇਸ ਸਕੂਲ ’ਚ ਆਟੋਮੋਬਾਈਲ ਦੇ ਕੋਰਸ ਕਰਵਾਏ ਜਾਣਗੇ ਜਿਸ ਲਈ ਆਟੋਮੋਬਾਈਲ ਵਿਚ ਇੰਜਨੀਅਰਿੰਗ ਕਰਨ ਵਾਲਿਆਂ ਨੂੰ ਸਕੂਲ ਸੱਦਿਆ ਗਿਆ ਹੈ।
ਸੀਬੀਐੱਸਈ ਦੀ ਛੇਵੀਂ ਤੋਂ ਸਕਿੱਲ ਕੋਰਸ ਸ਼ੁਰੂ ਕਰਵਾਉਣ ਦੀ ਹਦਾਇਤ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਨੇ ਸਕੂਲਾਂ ਵਿੱਚ ਛੇਵੀਂ ਤੋਂ ਗਿਆਰ੍ਹਵੀਂ ਤਕ ਸਕਿੱਲ ਕੋਰਸ ਸ਼ੁਰੂ ਕਰਵਾਉਣ ਲਈ ਕਿਹਾ ਸੀ। ਇਸ ਤੋਂ ਪਹਿਲਾਂ ਗਿਆਰ੍ਹਵੀਂ ਜਮਾਤ ਤੋਂ ਹੀ ਸਕਿੱਲ ਵਿਸ਼ੇ ਸ਼ੁਰੂ ਹੁੰਦੇ ਸਨ। ਸੀਨੀਅਰ ਸੈਕੰਡਰੀ ਜਮਾਤਾਂ ਲਈ ਸਕੂਲਾਂ ਨੂੰ 40 ਵਿਸ਼ਿਆਂ ’ਚੋਂ ਘੱਟੋ ਘੱਟ ਇਕ ਸਕਿਲ ਬੇਸਡ ਵਿਸ਼ੇ ਵਜੋਂ ਸ਼ੁਰੂ ਕਰਨ ਲਈ ਕਿਹਾ ਗਿਆ ਹੈ। ਸੀਬੀਐਸਈ ਨੇ ਛੇਵੀਂ, ਸੱਤਵੀਂ ਤੇ ਅੱਠਵੀਂ ਜਮਾਤ ਲਈ ਅਕਾਦਮਿਕ ਵਰ੍ਹੇ ਲਈ 12 ਘੰਟੇ ਹਰੇਕ ਦਾ ਮਾਡਿਊਲ ਤਿਆਰ ਕੀਤਾ ਹੈ। ਬੋਰਡ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਵਿਦਿਆਰਥੀ ਇਹ ਸਕਿੱਲ ਕੋਰਸ ਛੇਵੀਂ ਜਾਂ ਅੱਠਵੀਂ ਜਾਂ ਦਸਵੀਂ ਜਮਾਤ ਵਿੱਚੋਂ ਕਿਸੇ ਵਿਚ ਵੀ ਸ਼ੁਰੂ ਕਰ ਸਕਦੇ ਹਨ। ਬੋਰਡ ਨੇ ਕਿਹਾ ਹੈ ਕਿ ਹਾਲੇ 12 ਘੰਟੇ ਦੇ ਕੋਰਸ ਤਾਂ ਸ਼ੁਰੂ ਕੀਤੇ ਜਾ ਰਹੇ ਹਨ ਤਾਂ ਕਿ ਵਿਦਿਆਰਥੀ ਸੀਨੀਅਰ ਸੈਕੰਡਰੀ ਜਮਾਤਾਂ ਵਿਚ ਜਾ ਕੇ ਹੋਰ ਪੇਸ਼ੇਵਰ ਢੰਗ ਨਾਲ ਵੋਕੇਸ਼ਨਲ ਵਿਸ਼ਿਆਂ ਨੂੰ ਲੈਣ।