ਸਰਬਜੀਤ ਸਿੰਘ ਭੱਟੀ
ਲਾਲੜੂ, 9 ਸਤੰਬਰ
ਨਗਰ ਕੌਂਸਲ ਲਾਲੜੂ ਦੀ ਸਿਆਸਤ ਵਿੱਚ ਅੱਜ ਉਸ ਸਮੇਂ ਵੱਡਾ ਮੋੜ ਆਇਆ ਜਦੋਂ ਕਾਂਗਰਸ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿਲੋਂ ਦੇ ਅਤਿ ਨਜ਼ਦੀਕੀ ਕਾਂਗਰਸੀ ਸਮਰਥਕ ਪ੍ਰਧਾਨ ਅਤੇ ਪੰਜ ਕੌਂਸਲਰਾਂ ਸਮੇਤ 9 ਵਿਅਕਤੀਆਂ ਨੂੰ ਹਾਈਕਮਾਂਡ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚਲਦੇ ਪਾਰਟੀ ਵਿਚੋਂ ਕੱਢ ਦਿੱਤਾ। ਇਹ ਜਾਣਕਾਰੀ ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਦੇ ਪ੍ਰਧਾਨ ਰਿਸ਼ਭ ਜੈਨ ਵਲੋਂ ਇਕ ਪੱਤਰ ਰਾਹੀਂ ਦਿੱਤੀ ਗਈ। ਇਹ ਕਾਰਵਾਈ ਨਗਰ ਕੌਂਸਲ ਦੀ ਪ੍ਰਧਾਨ ਬਿੰਦੂ ਰਾਣਾ ਵਲੋਂ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਉਪਰੰਤ ਹੋਈ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਜ਼ਿਲ੍ਹਾ ਕਾਂਗਰਸ ਮੁਹਾਲੀ ਦੇ ਪ੍ਰਧਾਨ ਰਿਸ਼ਭ ਜੈਨ ਨੇ ਦੱਸਿਆ ਕਿ ਉਨ੍ਹਾਂ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਚਲਦਿਆਂ 9 ਆਗੂਆਂ ਨੂੰ ਪਾਰਟੀ ਵਿਚੋਂ ਬਾਹਰ ਦਾ ਰਸਤਾ ਦਿਖਾਇਆ ਹੈ। ਇਨ੍ਹਾਂ ਵਿੱਚ ਨਗਰ ਕੌਂਸਲ ਲਾਲੜੂ ਦੀ ਪ੍ਰਧਾਨ ਬਿੰਦੂ ਰਾਣਾ, ਸੀਨੀਅਰ ਮੀਤ ਪ੍ਰਧਾਨ ਪਵਨ ਨਾਰੰਗ, ਮੀਤ ਪ੍ਰਧਾਨ ਗੁਰਨਾਮ ਸਿੰਘ, ਵਾਰਡ ਨੰਬਰ 7 ਦੀ ਕੌਂਸਲਰ ਰਿਤੂ ਮਦਾਨ, ਵਾਰਡ ਨੰਬਰ 3 ਦੀ ਕੌਂਸਲਰ ਰਵਿੰਦਰ ਕੌਰ ਅਤੇ ਵਾਰਡ ਨੰਬਰ 14 ਦੇ ਕੌਂਸਲਰ ਸਤੀਸ਼ ਰਾਣਾ ਤੋਂ ਇਲਾਵਾ ਕੌਂਸਲ ਪ੍ਰਧਾਨ ਦੇ ਪਤੀ ਮੁਕੇਸ਼ ਰਾਣਾ, ਰਿਤੂ ਮਦਾਨ ਦੇ ਪਤੀ ਸੰਜੇ ਮਦਾਨ ਅਤੇ ਰਵਿੰਦਰ ਕੌਰ ਦੇ ਸਹੁਰਾ ਹਰੀ ਚੰਦ ਚਾਂਦਹੇੜੀ ਦੇ ਨਾਂ ਸ਼ਾਮਲ ਹਨ। ਇਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਪਾਰਟੀ ’ਚੋਂ ਮੁਅੱਤਲ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਕੌਂਸਲ ਪ੍ਰਧਾਨ ਬਿੰਦੂ ਰਾਣਾ ਦੇ ਖਿਲਾਫ ਕੌਂਸਲਰਾਂ ਦੇ ਬਗਾਵਤੀ ਸੁਰ ਵੇਖਣ ਨੂੰ ਮਿਲ ਰਹੇ ਸਨ, ਜਿਸ ਦੇ ਚਲਦੇ 2 ਸਤੰਬਰ ਨੂੰ ਕੁੱਲ 17 ਕੌਂਸਲਰਾਂ ਵਿਚੋਂ 13 ਕੌਂਸਲਰਾਂ ਨੇ ਕਾਰਜਸਾਧਕ ਅਫਸਰ ਲਾਲੜੂ ਨੂੰ ਇਕ ਪੱਤਰ ਦੇ ਕੇ ਪ੍ਰਧਾਨ ਦੇ ਖਿਲਾਫ ਬੇਭਰੋਸਗੀ ਪ੍ਰਗਟ ਕੀਤੀ ਸੀ, ਜਿਸ ਵਿੱਚ ਕੌਂਸਲਰ ਸਤੀਸ਼ ਰਾਣਾ, ਪਵਨ ਨਾਰੰਗ ਅਤੇ ਗੁਰਨਾਮ ਸਿੰਘ ਨੇ ਕਥਿਤ ਦੋਸ਼ ਲਾਇਆ ਸੀ ਕਿ ਸ਼ਹਿਰ ਵਿੱਚ ਵਿਕਾਸ ਦੇ ਕਾਰਜ ਪਿਛਲੇ ਲੰਮੇ ਸਮੇਂ ਤੋਂ ਠੱਪ ਪਏ ਹਨ।
ਪਾਰਟੀ ਨਾਲ ਧੋਖਾ ਕਰਨ ਵਾਲਿਆਂ ਨਾਲ ਅਜਿਹਾ ਹੀ ਸਲੂਕ ਹੋਵੇਗਾ: ਢਿੱਲੋਂ
ਕਾਂਗਰਸ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿਲੋਂ ਨੇ ਕਿਹਾ ਕਿ ਜੋ ਮੈਂਬਰ ਪਾਰਟੀ ਪ੍ਰਤੀ ਵਫਾਦਾਰ ਨਹੀਂ ਹੋਵੇਗਾ, ਉਹ ਭਾਵੇਂ ਕੋਈ ਵੀ ਹੋਵੇ ਉਸ ਨੂੰ ਪਾਰਟੀ ਵਿਚੋਂ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ। ਉਨ੍ਹਾਂ ਪਾਰਟੀ ’ਚੋਂ ਕੱਢੇ ਮੈਂਬਰਾਂ ਬਾਰੇ ਕਿਹਾ ਕਿ ਉਹ ਲਗਾਤਾਰ ਵਿਰੋਧੀ ਪਾਰਟੀਆਂ ਦੇ ਸੰਪਰਕ ਵਿੱਚ ਸਨ ਅਤੇ ਉਨ੍ਹਾਂ ਨਾਲ ਮੇਲ-ਜੋਲ ਵਧਾ ਰਹੇ ਸਨ, ਜਿਸ ਕਾਰਨ ਉਨ੍ਹਾਂ ਨੂੰ ਪਾਰਟੀ ’ਚੋਂ ਕੱਢਿਆ ਗਿਆ।
ਕੀ ਕਹਿੰਦੇ ਨੇ ਕੌਂਸਲ ਪ੍ਰਧਾਨ ਬਿੰਦੂ ਰਾਣਾ
ਕੌਂਸਲ ਦੀ ਪ੍ਰਧਾਨ ਬਿੰਦੂ ਰਾਣਾ ਅਤੇ ਉਸ ਦੇ ਪਤੀ ਮੁਕੇਸ਼ ਰਾਣਾ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨਗੀ ਦੇ ਅਹੁਦੇ ਤੋਂ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਰਾਜੇਸ਼ ਸ਼ਰਮਾ ਨੂੰ ਅਸਤੀਫ਼ਾ ਸੌਂਪ ਦਿੱਤਾ ਹੈ, ਜੋ ਵਿਭਾਗ ਦੇ ਅਧਿਕਾਰੀਆਂ ਨੇ ਅਗਲੀ ਕਰਵਾਈ ਲਈ ਸੀਨੀਅਰ ਅਧਿਕਾਰੀਆਂ ਕੋਲ ਭੇਜ ਦਿੱਤਾ ਹੈ।