ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 18 ਜੁਲਾਈ
ਮੁਹਾਲੀ ਪੁਲੀਸ ਨੇ ਸੱਟਾ ਲਗਾਉਣ ਦੇ ਮਾਮਲੇ ਦਾ ਪਰਦਾਫਾਸ਼ ਕਰ ਕੇ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇੱਕ ਹੋਰ ਵੱਖਰੇ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਨਸ਼ੀਲੇ ਪਦਾਰਥ ਅਤੇ ਗ਼ੈਰਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਗੱਲ ਦਾ ਖੁਲਾਸਾ ਅੱਜ ਇੱਥੇ ਮੁਹਾਲੀ ਦੇ ਐੱਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ ਨੇ ਕੀਤਾ।
ਉਨ੍ਹਾਂ ਦੱਸਿਆ ਕਿ ਡੀਐੱਸਪੀ (ਸਿਟੀ-1) ਗੁਰਸ਼ੇਰ ਸਿੰਘ ਸੰਧੂ ਦੀ ਨਿਗਰਾਨੀ ਹੇਠ ਥਾਣਾ ਮਟੌਰ ਦੇ ਐੱਸਐੱਚਓ ਇੰਸਪੈਕਟਰ ਮਨਫੂਲ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਇੱਥੋਂ ਦੇ ਫੇਜ਼-3ਏ ਵਿੱਚ ਛਾਪਾ ਮਾਰ ਕੇ ਗੰਭੀਰ ਕੁਮਾਰ ਵਾਸੀ ਮਾਡਰਨ ਕਲੋਨੀ ਯਮੁਨਾਨਗਰ, ਸੁਰਜੀਤ ਸਿੰਘ ਵਾਸੀ ਮੁਹਾਲੀ, ਅਵਿਨਾਸ਼ ਚੰਦਰ ਵਾਸੀ ਗੋਬਿੰਦ ਨਗਰ ਅਬੋਹਰ ਹਾਲ ਵਾਸੀ ਚੰਡੀਗੜ੍ਹ, ਪਿਤਾਬਰ ਭੱਟ ਵਾਸੀ ਸੈਣੀ ਵਿਹਾਰ ਬਲਟਾਣਾ, ਸ਼ੰਕਰ ਵਾਸੀ ਕਰਨਾਲ ਹਾਲ ਵਾਸੀ ਪੰਚਕੂਲਾ, ਅਮਰ ਸਿੰਘ ਵਾਸੀ ਕਜਹੇੜੀ, ਸੰਜੀਵ ਕੁਮਾਰ ਵਾਸੀ ਸੈਣੀ ਕਲੋਨੀ ਮਾਡਲ ਟਾਊਨ ਕਰਨਾਲ, ਇਸ਼ਾਨ ਗੋਇਲ ਵਾਸੀ ਸਰਾਫਾ ਬਾਜ਼ਾਰ ਕਰਨਾਲ, ਸੁਨੀਲ ਕੁਮਾਰ ਵਾਸੀ ਕ੍ਰਿਸ਼ਨਾ ਕਲੋਨੀ ਯਮੁਨਾਨਗਰ ਨੂੰ ਜੂਆ ਖੇਡਦੇ ਕਾਬੂ ਕੀਤਾ ਗਿਆ। ਐੱਸਪੀ ਵਿਰਕ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ 6 ਲੱਖ 50 ਹਜ਼ਾਰ ਰੁਪਏ ਨਕਦ, 20 ਕੰਪਨੀਆਂ ਦੇ ਮੋਬਾਈਲ, ਇੱਕ ਲੈਪਟਾਪ, ਇੱਕ ਅਟੈਚੀ, ਇੱਕ ਕਾਲਾ ਬੈਗ ਬਰਾਮਦ ਹੋਗਿਆ ਹੈ। ਇਸੇ ਤਰ੍ਹਾਂ ਮਟੌਰ ਪੁਲੀਸ ਨੇ ਇੱਕ ਹੋਰ ਮਾਮਲੇ ਵਿੱਚ ਇਕਾਂਤ, ਮਨਪ੍ਰੀਤ ਕੌਰ ਉਰਫ਼ ਪ੍ਰੀਤ ਵਾਸੀ ਚੰਡੀਗੜ੍ਹ ਅਤੇ ਮਨਜੋਤ ਕੌਰ ਉਰਫ਼ ਖੁਸ਼ੀ ਵਾਸੀ ਗੁਰੂ ਦੀ ਬਡਾਲੀ (ਅੰਮ੍ਰਿਤਸਰ) ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 40 ਗਰਾਮ ਹੈਰੋਇਨ, ਇੱਕ ਦੇਸੀ ਪਿਸਤੌਲ ਅਤੇ ਸਾਢੇ 6 ਲੱਖ ਦੀ ਨਕਦੀ ਬਰਾਮਦ ਹੋਈ ਹੈ। ਮੁਲਜ਼ਮਾਂ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।
ਬੀਮਾ ਪਾਲਿਸੀ ਦੇ ਨਾਮ ’ਤੇ 50 ਲੱਖ ਰੁਪਏ ਠੱਗੇ
ਚੰਡੀਗੜ੍ਹ: ਇਥੋਂ ਦੇ ਅਟਾਵਾ ਵਿੱਚ ਰਹਿਣ ਵਾਲੇ ਪ੍ਰੇਮ ਸਿੰਘ ਨਾਲ ਬੀਮਾ ਪਾਲਿਸੀ ਦੇ ਨਾਮ ’ਤੇ 50 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣਾ ਆਇਆ ਹੈ, ਜਿਸ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਸੈਕਟਰ-36 ਦੀ ਪੁਲੀਸ ਨੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਇਕ ਲੜਕੀ ਆਰਤੀ ਸ਼ਰਮਾ ਅਤੇ ਭਾਰਤ ਨੰਦਨ ਨੇ ਫੋਨ ’ਤੇ ਬੀਮਾ ਪਾਲਿਸੀ ਦੇ ਨਾਮ ’ਤੇ ਉਸ ਨੂੰ ਗੱਲਾਂ ਵਿੱਚ ਲਾ ਲਿਆ ਤੇ ਉਸ ਤੋਂ 50 ਲੱਖ ਰੁਪਏ ਦੀ ਠੱਗ ਲਏ। ਪੁਲੀਸ ਨੇ ਸ਼ਿਕਾਇਤ ਦੇ ਆਧਾਰ ’ਤੇ ਦੋਹਾਂ ਖ਼ਿਲਾਫ਼ ਕੇਸ ਦਰਜ ਲਿਆ ਹੈ। -ਟਨਸ