ਆਤਿਸ਼ ਗੁਪਤਾ
ਚੰਡੀਗੜ੍ਹ, 20 ਅਗਸਤ
ਇੱਥੋਂ ਦੇ ਸੈਕਟਰ-41 ਵਿੱਚ ਸਥਿਤ ਸਰਕਾਰੀ ਕੁਆਰਟਰਾਂ ਵਿੱਚ ਅੱਜ ਸਵੇਰੇ ਮਾਮੇ ਨੇ ਚਾਕੂ ਮਾਰ ਕੇ ਆਪਣੀ ਭਾਣਜੀ ਦੀ ਕਥਿਤ ਤੌਰ ’ਤੇ ਹੱਤਿਆ ਕਰ ਦਿੱਤੀ ਹੈ। ਮ੍ਰਿਤਕ ਲੜਕੀ ਦੀ ਪਛਾਣ ਅੰਜਲੀ (22) ਵਜੋਂ ਹੋਈ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਸੈਕਟਰ-39 ਦੀ ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸੈਕਟਰ-16 ਦੇ ਹਸਪਤਾਲ ਵਿੱਚ ਪੋਸਟਮਾਰਟਮ ਲਈ ਰਖਵਾ ਦਿੱਤੀ ਹੈ। ਪੁਲੀਸ ਨੇ ਫਰਾਰ ਹੋਏ ਮਾਮੇ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇ ਮਾਰਨੇ ਸੁਰੂ ਕਰ ਦਿੱਤੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਅੰਜਲੀ ਦਾ ਪਿਤਾ ਏਜੀ ਦਫ਼ਤਰ ਪੰਜਾਬ ਵਿੱਚ ਤਾਇਨਾਤ ਸੀ ਜਿਸ ਦੀ ਕੁਝ ਸਮਾਂ ਪਹਿਲਾਂ ਹੀ ਮੌਤ ਹੋ ਗਈ ਸੀ। ਮੌਜੂਦਾ ਸਮੇਂ ਅੰਜਲੀ ਆਪਣੀ ਮਾਤਾ ਅਤੇ ਭਰਾ ਨਾਲ ਸੈਕਟਰ-41 ਵਿਚਲੇ ਸਰਕਾਰੀ ਕੁਆਰਟਰ ਵਿੱਚ ਰਹਿੰਦੀ ਸੀ। ਪਿਛਲੇ ਕੁਝ ਦਿਨਾਂ ਤੋਂ ਉਸ ਦਾ ਮਾਮਾ ਸਤਵੀਰ ਵਾਸੀ ਝੱਜਰ ਵੀ ਇਸ ਪਰਿਵਾਰ ਨਾਲ ਰਹਿ ਰਿਹਾ ਸੀ। ਉਸ ਨੇ ਅੱਜ ਸਵੇਰੇ 6 ਵਜੇ ਦੇ ਕਰੀਬ ਅੰਜਲੀ ਦੀ ਮਾਤਾ ਅਤੇ ਭਰਾ ਨੂੰ ਵੱਖਰੇ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਅੰਜਲੀ ਨੂੰ ਚਾਕੂ ਮਾਰ ਦਿੱਤਾ ਤੇ ਉਸ ਦੀ ਹੱਤਿਆ ਕਰ ਦਿੱਤੀ। ਉਸ ਨੇ ਅੰਜਲੀ ’ਤੇ ਚਾਕੂ ਨਾਲ ਕਈ ਵਾਰ ਕੀਤੇ ਅਤੇ ਘਟਨਾ ਵਾਲੀ ਥਾਂ ਤੋਂ ਫ਼ਰਾਰ ਹੋ ਗਿਆ। ਗੌਰਤਲਬ ਹੈ ਕਿ ਮ੍ਰਿਤਕ ਲੜਕੀ ਅੰਜਲੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵਿਦਿਆਰਥਣ ਸੀ।
ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਸੈਕਟਰ-39 ਦੀ ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਦੱਸਿਆ ਕਿ ਹਮਲਵਾਰ ਸਤਵੀਰ ਖ਼ਿਲਾਫ਼ ਪਹਿਲਾਂ ਵੀ ਕਤਲ ਦਾ ਕੇਸ ਦਰਜ ਹੈ। ਉਸ ਨੇ ਸਾਲ 2007 ਵਿੱਚ ਆਪਣੀ ਪਤਨੀ ਦੀ ਚਾਕੂ ਮਾਰ ਕੇ ਕਥਿਤ ਤੌਰ ’ਤੇ ਹੱਤਿਆ ਕਰ ਦਿੱਤੀ ਸੀ।
ਹੱਤਿਆ ਦਾ ਕਾਰਨ ‘ਅਸਪਸ਼ਟ’ ਹੋਣ ਕਾਰਨ ਕੇਸ ਦੀ ਜਾਂਚ ਜਾਰੀ
ਚੰਡੀਗੜ੍ਹ ਪੁਲੀਸ ਨੇ ਅੰਜਲੀ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸੈਕਟਰ-16 ਦੇ ਸਰਕਾਰੀ ਹਸਪਤਾਲ ਵਿੱਚ ਰਖਵਾ ਦਿੱਤੀ ਹੈ। ਪੁਲੀਸ ਨੂੰ ਹਾਲੇ ਤੱਕ ਇਹ ਨਹੀਂ ਪਤਾ ਲੱਗ ਸੱਕਿਆ ਕਿ ਅੰਜਲੀ ਦੀ ਹੱਤਿਆ ਕਿਉਂ ਕੀਤੀ ਗਈ। ਇਸ ਲਈ ਚੰਡੀਗੜ੍ਹ ਪੁਲੀਸ ਵੱਖ-ਵੱਖ ਪਹਿਲੂਆਂ ਦੇ ਆਧਾਰ ’ਤੇ ਜਾਂਚ ਕਰ ਰਹੀ ਹੈ।