ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 16 ਜੂਨ
ਚੰਡੀਗੜ੍ਹ ਸਥਿਤ ਬੁੜੈਲ ਜੇਲ੍ਹ ਵਿੱਚ ਦੁਪਹਿਰ 12 ਵਜੇ ‘ਧਮਾਕਾ’ ਹੋਣ ਦਾ ਰੌਲਾ ਪੈ ਗਿਆ, ਜਿਸ ਤੋਂ ਬਾਅਦ ਜੇਲ੍ਹ ਅਤੇ ਸ਼ਹਿਰ ਵਿੱਚ ਹੜਕੰਪ ਮੱਚ ਗਿਆ। ਜੇਲ੍ਹ ਵਿੱਚ ਸਾਇਰਨ ਵੱਜ ਉੱਠੇ ਅਤੇ 4 ਥਾਣਿਆਂ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਮੋਰਚਾ ਸਾਂਭਿਆ। ਪੁਲੀਸ ਜਾਂਚ ਤੋਂ ਕੁਝ ਸਮੇਂ ਬਾਅਦ ਪਤਾ ਲੱਗਿਆ ਕਿ ਚੰਡੀਗੜ੍ਹ ਪੁਲੀਸ ਨੇ ਮੁਲਾਜ਼ਮਾਂ ਦੀ ਮੁਸਤੈਦੀ ਜਾਂਚਣ ਲਈ ਮੌਕ ਡਰਿੱਲ ਕੀਤੀ ਹੈ।
ਬੁੜੈਲ ਜੇਲ੍ਹ ਵਿੱਚ ਦੁਪਹਿਰ 12 ਵਜੇ ਧਮਾਕੇ ਦੀ ਜਾਣਕਾਰੀ ਮਿਲਦੇ ਹੀ ਆਈਜੀ ਜੇਲ੍ਹ ਦੀਪਕ ਪੁਰੋਹਿਤ ਅਤੇ ਕ੍ਰਾਈਮ ਬਰਾਂਚ ਦੇ ਐੱਸਪੀ ਮਨੋਜ ਕੁਮਾਰ ਮੀਨਾ ਸਹਿਤ ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜ਼ਮ ਪਹੁੰਚ ਗਏ। ਇਸ ਦੌਰਾਨ ਡਾਗ ਸਕੁਐਡ ਅਤੇ ਬੰਸ ਨਕਾਰਾ ਕਰਨ ਵਾਲੇ ਦਸਤੇ ਦੀ ਟੀਮ ਵੀ ਪਹੁੰਚ ਗਈ। ਜਿਨ੍ਹਾਂ ਨੇ ਜੇਲ੍ਹ ਵਿੱਚ ਤਲਾਸ਼ੀ ਮੁਹਿੰਮ ਚਲਾਈ। ਪੁਲੀਸ ਨੇ ਜੇਲ੍ਹ ਦੀਆਂ ਸਾਰੀਆਂ ਬੈਰਕਾਂ ਵਿੱਚ ਬੰਦ ਕੈਦੀਆਂ ਅਤੇ ਬੰਦੀਆਂ ਦੀ ਤਲਾਸ਼ੀ ਲਈ ਅਤੇ ਜੇਲ੍ਹ ਵਿੱਚ ਚੈਕਿੰਗ ਕੀਤੀ। ਇਸ ਦੌਰਾਨ ਪੁਲੀਸ ਦੇ ਹੱਥ ਕੁਝ ਨਹੀਂ ਲੱਗਿਆ।
ਗੌਰਤਲਬ ਹੈ ਕਿ ਬੁੜੈਲ ਜੇਲ੍ਹ ਵਿੱਚ ਪੰਜਾਬ ਅਤੇ ਹਰਿਆਣਾ ਦੇ ਕਈ ਵੱਡੇ ਗੈਂਗਸਟਰ ਬੰਦ ਹਨ। ਜਿਨ੍ਹਾਂ ਦੀ ਸੁਰੱਖਿਆ ਬਹੁਤ ਲਾਜ਼ਮੀ ਹੈ। ਪਰ ਪਿਛਲੇ ਦਿਨੀਂ ਜੇਲ੍ਹ ਦੀ ਦੀਵਾਰ ਨੇੜਿਓਂ ਟਿਫਨ ਬੰਬ ਮਿਲਣ ਕਰਕੇ ਪੁਲੀਸ ਦੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੁੱਲ੍ਹ ਗਈ ਸੀ। ਇਸੇ ਕਰਕੇ ਚੰਡੀਗੜ੍ਹ ਪੁਲੀਸ ਵੱਲੋਂ ਬੁੜੈਲ ਜੇਲ੍ਹ ਦੀ ਸੁਰੱਖਿਆ ਲਈ ਕੋਈ ਢਿੱਲ ਨਹੀਂ ਵਰਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਚੰਡੀਗੜ੍ਹ ਪੁਲੀਸ ਵੱਲੋਂ ਕੁਝ ਦਿਨਾਂ ਬਾਅਦ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਮੋਕ ਡਰਿੱਲ ਰਾਹੀਂ ਪੁਲੀਸ ਦੀ ਮੁਸਤੈਦੀ ਨੂੰ ਪਰਖਿਆ ਜਾਂਦਾ ਹੈ।