ਆਤਿਸ਼ ਗੁਪਤਾ
ਚੰਡੀਗੜ੍ਹ, 30 ਦਸੰਬਰ
ਚੰਡੀਗੜ੍ਹ ਵਿੱਚ ਨਵੇਂ ਸਾਲ ਦੀ ਆਮਦ ’ਤੇ ਹੋਣ ਵਾਲੇ ਸਮਾਗਮਾਂ ਸਬੰਧੀ ਪ੍ਰਸ਼ਾਸਨ ਨੇ ਸਖਤ ਰਵੱਈਆ ਅਖਤਿਆਰ ਕਰਦਿਆਂ ਹੁੱਕੇ ’ਤੇ ਪਾਬੰਦੀ ਲਗਾ ਦਿੱਤੀ ਹੈ। ਡੀਸੀ ਮਨਦੀਪ ਸਿੰਘ ਬਰਾੜ ਨੇ ਕਿਹਾ ਕਿ ਹੋਟਲ, ਰੈਸਟੋਰੈਂਟ, ਬਾਰ ਅਤੇ ਕਲੱਬ ਵਿੱਚ ਹੁੱਕਾ ਸਪਲਾਈ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਤਿੰਨ ਦਿਨਾਂ ਲਈ ਤਾਲਾ ਲਗਾ ਦਿੱਤਾ ਜਾਵੇਗਾ। ਇਹ ਆਦੇਸ਼ 30 ਦਸੰਬਰ ਤੋਂ ਅਗਲੇ ਆਦੇਸ਼ਾਂ ਤੱਕ ਜਾਰੀ ਰਹਿਣਗੇ। ਨਵੇਂ ਸਾਲ ਦੀ ਆਮਦ ’ਤੇ ਚੰਡੀਗੜ੍ਹ ਪੁਲੀਸ ਵੀ ਸਖ਼ਤੀ ਕਰਨ ਦੇ ਰੌਂਅ ’ਚ ਹੈ। ਪੁਲੀਸ ਵੱਲੋਂ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਨਾਕਾਬੰਦੀ ਕਰ ਕੇ ਗਸ਼ਤ ਕੀਤੀ ਜਾਵੇਗੀ।
ਐੱਸਐੱਸਪੀ ਕੁਲਦੀਪ ਸਿੰਘ ਚਹਿਲ ਨੇ ਕਿਹਾ ਕਿ ਨਵੇਂ ਸਾਲ ਦੀ ਆਮਦ ’ਤੇ ਚੰਡੀਗੜ੍ਹ ਪੁਲੀਸ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ਜੋ ਰਾਤ 10 ਵਜੇ ਤੋਂ 2 ਵਜੇ ਤੱਕ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲੇ ਅਤੇ ਹੁੱਲੜਬਾਜ਼ੀ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲੀਸ ਨੇ ਲੋਕਾਂ ਨੂੰ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਘਰੋਂ ਬਾਹਰ ਨਿਕਲਣ ਸਮੇਂ ਆਪਣਾ ਸ਼ਨਾਖਤੀ ਕਾਰਡ ਜ਼ਰੂਰ ਨਾਲ ਰੱਖਣ।
ਹੁੱਲੜਬਾਜ਼ੀ ਕਰਨ ’ਤੇ ਹੋਣਗੇ ਲਾਇਸੈਂਸ ਮੁਅੱਤਲ
ਨਵੇਂ ਸਾਲ ਦੀ ਆਮਦ ’ਤੇ ਚੰਡੀਗੜ੍ਹ ਪੁਲੀਸ ਵੱਲੋਂ ਸ਼ਹਿਰ ਵਿੱਚ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਇਸ ਦੌਰਾਨ ਜਨਤਕ ਥਾਵਾਂ ’ਤੇ ਸ਼ਰਾਬ ਪੀਣ ਅਤੇ ਹੁੱਲੜਬਾਜ਼ੀ ਕਰਨ ਵਾਲਿਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੁਲੀਸ ਨੇ ਕਿਸਾਨ ਹੁੱਲੜਬਾਜ਼ੀ ਕਰਨ ਵਾਲੇ ਦੇ ਲਾਇਸੈਂਸ ਮੁਅੱਤਲ ਕੀਤੇ ਜਾਣਗੇ।
ਚੋਣਵੇਂ ਇਲਾਕੇ ਰਹਿਣਗੇ ‘ਵਹੀਕਲ ਫਰੀ ਜ਼ੋਨ’
ਚੰਡੀਗੜ੍ਹ ਪੁਲੀਸ ਨੇ ਨਵੇਂ ਸਾਲ ਦੀ ਆਮਦ ’ਤੇ ਕੁਝ ਚੋਣਵੇ ਇਲਾਕਿਆਂ ਨੂੰ ‘ਵਹੀਕਲ ਫਰੀ ਜ਼ੋਨ’ ਰੱਖਣ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ਵਿੱਚ ਸੈਕਟਰ-7, 8, 9, 10, 11 ਅਤੇ 22 ਦੀ ਅੰਦਰਲੀ ਮਾਰਕੀਟਾਂ, ਸੈਕਟਰ-17 ਦੀਆਂ ਅੰਦਰਲੀਆਂ ਸੜਕਾਂ, ਸੈਕਟਰ-10 ਵਿੱਚ ਲੇਜ਼ਰ ਵੈਲੀ ਦੇ ਅੱਗੇ ਵਾਲੀ ਸੜਕ, ਸੈਕਟਰ-22 ਅਰੋਮਾ ਲਾਈਟ ਪੁਆਇੰਟ ਤੋਂ ਛੋਟਾ ਚੌਕ ਡਿਸਪੈਂਸਰੀ ਵਾਲੀ ਸੜਕ ਅਤੇ ਇਲਾਂਤੇ ਮਾਲ ਤੇ ਇੰਡਸਟਰੀਅਲ ਏਰੀਆ ਸ਼ਾਮਲ ਹਨ ਜਿੱਥੇ ਵਾਹਨ ਲਿਜਾਉਣ ’ਤੇ ਪਾਬੰਦੀ ਰਹੇਗੀ।
ਦੋ ਬਾਰ ਮਾਲਕਾਂ ਖ਼ਿਲਾਫ਼ ਕੇਸ ਦਰਜ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਪਾਬੰਦੀ ਦੇ ਬਾਵਜੂਦ ਸ਼ਹਿਰ ਵਿੱਚ ਹੁੱਕਾ ਸਪਲਾਈ ਦੇ ਮਾਮਲਿਆਂ ’ਚ ਥਾਣਾ ਸੈਕਟਰ-3 ਦੀ ਪੁਲੀਸ ਨੇ ਸੈਕਟਰ-9 ਸੀ ਵਿੱਚ ਸਥਿਤ ਪਾਈਪ ਐਂਡ ਬੈਰਲ ਬਾਰ ’ਚ ਛਾਪਾ ਮਾਰ ਕੇ ਹੁੱਕਾ ਸਪਲਾਈ ਕਰਨ ਦੇ ਦੋਸ਼ ਹੇਠ ਬਾਰ ਮਾਲਕ ਸੁਮੇਸ਼ ਗਗਨੇਜਾ ਵਾਸੀ ਸੈਕਟਰ-50 ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸੇ ਤਰ੍ਹਾਂ ਥਾਣਾ ਸੈਕਟਰ-17 ਦੀ ਪੁਲੀਸ ਨੇ ਪਾਉਜ਼ਨ ਬਾਰ ਵਿੱਚ ਛਾਪਾ ਮਾਰ ਕੇ ਹੁੱਕਾ ਸਪਲਾਈ ਕਰਨ ਦੇ ਦੋਸ਼ ਹੇਠ ਬਾਰ ਮਾਲਕ ਨਰੇਸ਼ ਭੰਡਾਰੀ ਵਾਸੀ ਸੈਕਟਰ-29 ਬੀ ਖ਼ਿਲਾਫ਼ ਕੇਸ ਦਰਜ ਕੀਤਾ ਹੈ।