ਮੁਕੇਸ਼ ਕੁਮਾਰ
ਚੰਡੀਗੜ੍ਹ, 8 ਅਕਤੂਬਰ
ਚੰਡੀਗੜ੍ਹ ਪੁਲੀਸ ਨੇ ਇਥੇ ਸੈਕਟਰ-10 ਵਿੱਚ ਮਹਿਲਾ ਬ੍ਰਿਟਿਸ਼ ਸਫੀਰ ਨਾਲ ਛੇੜਛਾੜ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਛੇੜਛਾੜ ਦੀ ਘਟਨਾ 6 ਅਕਤੂਬਰ ਨੂੰ ਵਾਪਰੀ ਸੀ।
ਚੰਡੀਗੜ੍ਹ ਦੇ ਐੱਸਐੱਸਪੀ ਕੁਲਦੀਪ ਸਿੰਘ ਚਾਹਲ ਦੇ ਨਿਰਦੇਸ਼ਾਂ ’ਤੇ ਐੱਸਪੀ (ਸਿਟੀ) ਕੇਤਨ ਬਾਂਸਲ ਤੇ ਡੀਐੱਸਪੀ (ਸੈਂਟਰਲ) ਚਰਨਜੀਤ ਸਿੰਘ ਵਿਰਕ ਦੀ ਨਿਗਰਾਨੀ ਹੇਠ ਟੀਮ ਦਾ ਗਠਨ ਕੀਤਾ ਗਿਆ ਸੀ। ਥਾਣਾ ਸੈਕਟਰ-3 ਦੇ ਐੱਸਐੱਚਓ ਇੰਸਪੈਕਟਰ ਸ਼ੇਰ ਸਿੰਘ ਅਤੇ ਐੱਸਆਈ ਸੁਨੀਲ ਕੁਮਾਰ ਦੀ ਟੀਮ ਨੇ ਘਟਨਾ ਵਾਲੀ ਥਾਂ ਦੀ ਜਾਂਚ ਕਰਕੇ ਉਥੋਂ ਸਾਰੇ ਸਬੂਤ ਇਕੱਠੇ ਕੀਤੇ ਸਨ। ਇਸੇ ਦੌਰਾਨ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਦੀ ਵੀ ਜਾਂਚ ਕੀਤੀ ਗਈ ਤੇ ਮੁਲਜ਼ਮ ਦੀ ਪਛਾਣ ਕੀਤੀ ਗਈ। ਪੁਲੀਸ ਨੇ ਮੁਲਜ਼ਮ ਨੂੰ ਇਥੇ ਹਾਊਸਿੰਗ ਬੋਰਡ ਚੌਕ ਨੇੜਿਓਂ ਗ੍ਰਿਫਤਾਰ ਕਰ ਲਿਆ। ਮੁਲਜ਼ਮ ਦੀ ਪਛਾਣ ਵਿਸ਼ਵਾਸ਼ (21) ਵਾਸੀ ਆਦਰਸ਼ ਨਗਰ ਨਵਾਂ ਗਾਓਂ ਵਜੋਂ ਹੋਈ ਹੈ। ਮੁਲਜ਼ਮ ਇਥੇ ਮਨੀਮਾਜਰਾ ਦੀ ਐੱਨਏਸੀ ਮਾਰਕੀਟ ਦੇ ਇੱਕ ਰੈਸਤਰਾਂ ਵਿੱਚ ਖਾਣਾ ਪਕਾਉਣ ਦਾ ਕੰਮ ਕਰਦਾ ਹੈ। ਪੁਲੀਸ ਅਨੁਸਾਰ ਵਾਰਦਾਤ ਵਾਲੇ ਦਿਨ ਮੁਲਜ਼ਮ ਜਦੋਂ ਸਵੇਰੇ 6 ਵਜੇ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਡਿਊਟੀ ’ਤੇ ਜਾ ਰਿਹਾ ਸੀ ਤਾਂ ਉਸ ਨੇ ਸੈਕਟਰ-10 ਦੀ ਅੰਦਰਲੀ ਸੜਕ ’ਤੇ ਸੈਰ ਕਰ ਰਹੀ ਬ੍ਰਿਟਿਸ਼ ਮਹਿਲਾ ਅਧਿਕਾਰੀ ਨਾਲ ਕਥਿਤ ਤੌਰ ’ਤੇ ਛੇੜਖਾਨੀ ਕੀਤੀ ਅਤੇ ਫਰਾਰ ਹੋ ਗਿਆ ਜਿਸ ਨੂੰ ਪੁਲੀਸ ਨੇ ਬਾਅਦ ਵਿੱਚ ਗ੍ਰਿਫ਼ਤਾਰ ਕਰ ਲਿਆ।