ਨਿੱਜੀ ਪੱਤਰ ਪ੍ਰੇਰਕ
ਮੰਡੀ ਗੋਬਿੰਦਗੜ੍ਹ, 14 ਫਰਵਰੀ
ਪ੍ਰਸਿੱਧ ਪੰਜਾਬੀ ਅਦਾਕਾਰ ਯੋਗਰਾਜ ਸਿੰਘ ਨੇ ਅੱਜ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ’ਚ ਮੀਡੀਆ ਨਾਲ ਗੱਲਬਾਤ ਕਰਦਿਆਂ ਬੁੱਧੀਜੀਵੀ ਵਰਗ ਨੂੰ ਨਵਾਂ ਪੰਜਾਬ ਸਿਰਜਣ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਤਾਰੀਫ਼ ਕਰਦਿਆਂ ਸ੍ਰੀ ਯੋਗਰਾਜ ਨੇ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਸ੍ਰੀ ਚੰਨੀ ਦੇ ਦਿਲ ’ਚ ਪੰਜਾਬ ਲਈ ਦਰਦ ਹੈ ਤੇ ਉਹ ਇਸ ਮੰਤਵ ਲਈ ਅਹਿਮ ਭੂਮਿਕਾ ਨਿਭਾ ਸਕਦੇ ਹਨ ਕਿਉਂਕਿ 111 ਦਿਨਾਂ ਦੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਵਿਕਾਸ ਲਈ 3 ਅਰਬ ਰੁਪਏ ਦੀ ਰਾਸ਼ੀ ਵੰਡ ਕੇ ਇੱਕ ਨਵਾਂ ਇਤਿਹਾਸ ਸਿਰਜਿਆ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਉਨ੍ਹਾਂ ਦੇ ਇਸ ਕਾਰਜ ਲਈ ਸ਼ਲਾਘਾ ਕਰਦੇ ਹੋਏ ਸਹਿਯੋਗ ਦੇਣ ਚਾਹੀਦਾ ਹੈ। ਇੱਕ ਹੋਰ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਦਿਲ ਵਿੱਚ ਵੀ ਪੰਜਾਬ ਪ੍ਰਤੀ ਦਰਦ ਹੈ ਅਤੇ ਉਨ੍ਹਾ ਨੂੰ ਵੀ ਸ੍ਰੀ ਚੰਨੀ ਦਾ ਡਟ ਕੇ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਚੰਗੇ ਪੰਜਾਬ ਦੀ ਸਿਰਜਣਾ ਹੋ ਸਕੇ।
ਨਵੀਆਂ ਪੰਜਾਬੀ ਫ਼ਿਲਮਾਂ ਬਾਰੇ ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਜਰਨੈਲਾਂ ਉੱਪਰ ਫ਼ਿਲਮਾਂ ਬਣਾ ਰਹੇ ਹਨ ਤਾਂ ਜੋ ਸਾਡੀ ਆਉਣ ਵਾਲੀ ਪਨੀਰੀ ਆਪਣੇ ਮਹਾਨ ਯੋਧਿਆਂ ’ਤੇ ਮਾਣ ਕਰ ਸਕੇ।