ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਜੁਲਾਈ
ਕਰੋਨਾ ਮਹਾਮਾਰੀ ਦੀ ਤੀਜੀ ਲਹਿਰ ਦੀ ਆਮਦ ਦਾ ਖਦਸ਼ਾ ਜਤਾਉਂਦਿਆ ਕੇਂਦਰ ਸਰਕਾਰ ਵੱਲੋਂ ਸੂਬਾ ਸਰਕਾਰਾਂ ਅਤੇ ਯੂਟੀ ਨੂੰ ਵੱਧ ਤੋਂ ਵੱਧ ਲੋਕਾਂ ਦੇ ਕਰੋਨਾ ਵੈਕਸੀਨ ਲਗਾਉਣ ਦੀ ਹਦਾਇਤ ਦਿੱਤੀ ਜਾ ਰਹੀ ਹੈ। ਕੇਂਦਰ ਸਰਕਾਰ ਦੀ ਹਦਾਇਤਾਂ ਦੀ ਪਾਲਣਾ ਕਰਦਿਆਂ ਯੂਟੀ ਪ੍ਰਸ਼ਾਸਨ ਨੇ ਦੁਕਾਨਦਾਰਾਂ ਅਤੇ ਉਨ੍ਹਾਂ ਦੇ ਸਟਾਫ਼ ਦੇ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ। ਹੁਣ ਵੈਕਸੀਨ ਲਗਵਾਉਣ ਵਾਲੇ ਦੁਕਾਨਦਾਰਾਂ ਦੇ ਬਾਹਰ ‘ਪ੍ਰਾਉਡਲੀ ਵੈਕਸੀਨੇਟਿਡ’ ਦਾ ਸਟਿੱਕਰ ਲਗਾਇਆ ਜਾ ਰਿਹਾ ਹੈ। ਜਿਸ ਤੋਂ ਪਤਾ ਲੱਗ ਜਾਵੇਗੀ ਕਿ ਕਿਸ ਦੁਕਾਨਦਾਰ ਦੇ ਵੈਕਸੀਨੇਸ਼ਨ ਹੋ ਚੁੱਕੀ ਹੈ। ਚੰਡੀਗੜ੍ਹ ਦੇ ਐੱਸਡੀਐੱਮ (ਸਾਊਥ) ਰੁਪੇਸ਼ ਕੁਮਾਰ ਨੇ ਮੁਹਿੰਮ ਦੀ ਸ਼ੁਰੂਆਤ ਸੈਕਟਰ-41 ਦੀ ਕ੍ਰਿਸ਼ਨਾ ਮਾਰਕੀਟ ਤੋਂ ਕੀਤੀ ਹੈ। ਜਿੱਥੇ ਉਨ੍ਹਾਂ ਨੇ ਅੱਜ ਕਰੋਨਾ ਵੈਕਸੀਨ ਲਗਵਾਉਣ ਵਾਲੇ ਦੁਕਾਨਦਾਰਾਂ ਦੀ ਦੁਕਾਨਾਂ ਦੇ ਬਾਹਰ ਸਟਿੱਕਰ ਲਗਾਏ। ਇਹ ਸਟਿੱਕਰ ਦੋ ਤਰ੍ਹਾਂ ਦੇ ਹਨ। ਇਕ ਵੈਕਸੀਨ ਲਗਵਾਉਣ ਵਾਲੇ ਦੀ ਦੁਕਾਨ ’ਤੇ ਇਕ ਸਟਾਰ ਵਾਲਾ ਸਟਿੱਕਰ ਅਤੇ ਦੋਵੇਂ ਟੀਕੇ ਲਗਵਾਉਣ ਵਾਲੇ ਦੇ ਦੋ ਸਟਾਰ ਵਾਲਾ ਸਟਿੱਕਰ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਟਿੱਕਰ ਰਾਹੀ ਦੁਕਾਨਦਾਰ ਨੇ ਵੈਕਸੀਨ ਲਗਵਾਈ ਹੈ ਜਾਂ ਨਹੀਂ ਬਾਰੇ ਜਾਣਕਾਰੀ ਮਿਲ ਜਾਵੇਗੀ। ਐੱਸਡੀਐੱਮ ਨੇ ਦੱਸਿਆ ਕਿ ਕੇਂਦਰ ਸਰਕਾਰ ਦੀ ਹਦਾਇਤ ਅਨੁਸਾਰ ਕਰੋਨਾ ਵੈਕਸੀਨ ਲਗਵਾਉਣ ਵਾਲੇ ਵਿਅਕਤੀ ਨੂੰ ਕਰੋਨਾ ਹੋਣ ਦੀਆਂ ਸੰਭਾਵਨਾਵਾਂ ਘਟ ਜਾਂਦੀਆਂ ਹਨ। ਦੁਕਾਨਦਾਰਾਂ ਨੂੰ ਇਹ ਲਗਵਾਉਣਾ ਜ਼ਰੂਰੀ ਹੈ। ਉਨ੍ਹਾਂ ਕੋਲ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕ ਆਉਂਦੇ ਹਨ। ਉਨ੍ਹਾਂ ਗਾਹਕਾਂ ਨੂੰ ਵੀ ਅਪੀਲ ਕੀਤੀ ਕਿ ਜਿਹੜੇ ਦੁਕਾਨਦਾਰ ਦੀ ਦੁਕਾਨ ਦੇ ਬਾਹਰ ‘ਪ੍ਰਾਉਡਲੀ ਵੈਕਸੀਨੇਟਿਡ’ ਦਾ ਸਟਿੱਕਰ ਲੱਗਿਆ ਹੋਇਆ ਹੈ। ਉਸ ਦੁਕਾਨ ’ਤੇ ਬਿਨਾਂ ਕਿਸੇ ਡਰ ਤੋਂ ਜਾਣ। ਪ੍ਰਸ਼ਾਸਨਿਕ ਅਧਿਕਾਰੀ ਨੇ ਸਾਰਿਆਂ ਨੂੰ ਕਰੋਨਾ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ। ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਕਰੋਨਾ ਵੈਕਸੀਨ ਲਗਵਾਈ ਜਾ ਰਹੀ ਹੈ। ਇਸ ਦੇ ਨਾਲ ਹੀ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਵੈਕਸੀਨ ਲਗਵਾਉਣ ਲਈ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ ਸ਼ਹਿਰ ਵਿੱਚ 7 ਲੱਖ ਤੋਂ ਵੱਧ ਲੋਕਾਂ ਨੇ ਕਰੋਨਾ ਵੈਕਸੀਨ ਲਗਵਾ ਲਈ ਹੈ। ਜਦੋਂਕਿ ਰਹਿੰਦੇ ਲੋਕਾਂ ਤੱਕ ਯੂਟੀ ਪ੍ਰਸ਼ਾਸਨ ਪਹੁੰਚ ਕੇ ਵੈਕਸੀਨ ਲਗਾਉਣ ਲੱਗਿਆ ਹੋਇਆ ਹੈ।