ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ, 21 ਸਤੰਬਰ
ਨਿਊ ਚੰਡੀਗੜ੍ਹ ਵਿੱਚ ਮੁੱਖ ਲਿੰਕ ਸੜਕਾਂ ਦੀ ਮਾੜੀ ਹਾਲਤ ਕਾਰਨ ਰਾਹਗੀਰਾਂ ਨੂੰ ਦਿਨ ਰਾਤ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਇਲਾਕਾ ਵਾਸੀ ਅਮਰ ਸਿੰਘ, ਸਾਗਰ ਸਿੰਘ ਬਾਜਵਾ, ਤੇਜੀ ਪੜੌਲ, ਸੁਰਜੀਤ ਸਿੰਘ ਮਾਦੜਾ, ਬੱਸ ਡਰਾਈਵਰ ਕੁਲਵੰਤ ਸਿੰਘ ਪੜੌਲ ਅਤੇ ਗੁਰਦਰਸ਼ਨ ਸਿੰਘ ਜੰਮੂ, ਬਹਾਦਰ ਸਿੰਘ ਤੇ ਸੁਰਿੰਦਰ ਸਿੰਘ ਨੇ ਦੱਸਿਆ ਕਿ ਨਵੇਂ ਉਸਰ ਰਹੇ ਨਿਊ ਚੰਡੀਗੜ੍ਹ ਸ਼ਹਿਰ ਵਿੱਚ ਟਰੇਡ ਟਾਵਰ ਤੋਂ ਓਮੈਕਸ ਰਾਣੀ ਮਾਜਰਾ ਵੱਲ ਜਾਂਦੀ ਮੁੱਖ ਸੜਕ ਵਿੱਚ ਪਏ ਟੋਏ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਲੋਕਾਂ ਅਨੁਸਾਰ ਅੱਜ ਹੋਈ ਬਾਰਿਸ਼ ਦਾ ਗੰਦਾ ਪਾਣੀ ਸੜਕ ਵਿੱਚ ਖੜ੍ਹਨ ਕਰਕੇ ਸੜਕਾਂ ਨੇ ਛੱਪੜਾਂ ਦਾ ਰੂਪ ਧਾਰਨ ਕਰ ਲਿਆ ਹੈ। ਇਸੇ ਤਰ੍ਹਾਂ ਪਿੰਡ ਤੋਗਾਂ ਤੋਂ ਬੂਥਗੜ੍ਹ ਜਾਣ ਵਾਲੇ ਮੁੱਖ ਮਾਰਗ ਦੁਵੱਲੋਂ ਬਰਮਾਂ ਵਿੱਚ ਪਏ ਡੂੰਘੇ ਖੱਡੇ ਹਾਦਸਿਆਂ ਨੂੰ ਖੁੱਲ੍ਹਾ ਸੱਦਾ ਰਹੇ ਹਨ। ਨਿਊ ਚੰਡੀਗੜ੍ਹ ਦੇ ਵਸ਼ਿੰਦਿਆਂ ਸਮੇਤ ਰਾਹਗੀਰਾਂ ਨੇ ਸਰਕਾਰ ਅਤੇ ਓਮੈਕਸ ਕੰਪਨੀ ਕੋਲੋਂ ਮੰਗ ਕੀਤੀ ਹੈ ਕਿ ਮਾੜੀ ਹਾਲਤ ਵਾਲੀਆਂ ਸੜਕਾਂ ਨੂੰ ਪਹਿਲ ਦੇ ਆਧਾਰ ’ਤੇ ਠੀਕ ਕੀਤਾ ਜਾਵੇ। ਦੂਜੇ ਪਾਸੇ ਕੰਪਨੀ ਦੇ ਸਥਾਨਕ ਪ੍ਰਬੰਧਕ ਸ੍ਰੀ ਬਖਸ਼ੀ ਨੇ ਕਿਹਾ ਕਿ ਨਿਊ ਚੰਡੀਗੜ੍ਹ ਸ਼ਹਿਰ ਦੀਆਂ ਸੜਕਾਂ ਬਣਾਉਣ ਦਾ ਕੰਮ ਗਮਾਡਾ ਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੜਕਾਂ ਸਮੇਤ ਹੋਰ ਗੰਦੇ ਪਾਣੀ ਦੀ ਨਿਕਾਸੀ ਕਰਨ ਲਈ ਸੜਕ ਕਿਨਾਰੇ ਪਾਈਪਲਾਈਨ ਗਮਾਡਾ ਵੱਲੋਂ ਜ਼ਮੀਨਦੋਜ਼ ਕੀਤੀ ਜਾ ਰਹੀ ਹੈ, ਜਿਸ ਕਰਕੇ ਇਹ ਮੁਸੀਬਤ ਆਈ ਹੈ। ਉਨ੍ਹਾਂ ਕਿਹਾ ਕਿ ਉਹ ਗਮਾਡਾ ਅਧਿਕਾਰੀਆਂ ਨੂੰ ਮੁਸ਼ਕਲਾਂ ਸਬੰਧੀ ਦੱਸਣਗੇ।