ਮੁਕੇਸ਼ ਕੁਮਾਰ
ਚੰਡੀਗੜ੍ਹ, 1 ਜਨਵਰੀ
ਚੰਡੀਗੜ੍ਹ ਨਗਰ ਨਿਗਮ ਦੀ ਨਵੀਂ ਚੁਣੀ ਹੋਈ ਕੌਂਸਲਰਾਂ ਦੀ ਟੀਮ ਨੂੰ ਅੱਜ ਇਥੇ ਨਗਰ ਨਿਗਮ ਭਵਨ ਦੇ ਮੀਟਿੰਗ ਹਾਲ ਵਿੱਚ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਨੇ ਅਹੁਦੇ ਦੀ ਸਹੁੰ ਚੁਕਾਈ। ਇਸ ਸਮਾਗਮ ਵਿੱਚ ਬਿਨਾਂ ਮਾਸਕ ਪਹਿਣੇ ਸ਼ਾਮਲ ਹੋਏ ਕੌਂਸਲਰਾਂ ਨੂੰ ਡਿਪਟੀ ਕਮਿਸ਼ਨਰ ਨੇ ਟੋਕਿਆ ਅਤੇ ਕੋਵਿਡ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ।
ਇਸ ਸਮਾਗਮ ਦੌਰਾਨ ਨਿਗਮ ਦੇ 13 ਕੌਂਸਲਰਾਂ ਨੇ ਪੰਜਾਬੀ ਭਾਸ਼ਾ ਵਿੱਚ ਸਹੁੰ ਚੁੱਕੀ। ਇਸੇ ਤਰ੍ਹਾਂ 17 ਕੌਂਸਲਰਾਂ ਨੇ ਹਿੰਦੀ ਵਿੱਚ ਅਤੇ ਪੰਜ ਕੌਂਸਲਰਾਂ ਨੇ ਅੰਗਰੇਜ਼ੀ ਭਾਸ਼ਾ ਵਿੱਚ ਸਹੁੰ ਚੁੱਕੀ। ਸਮਾਗਮ ਦੌਰਾਨ ਕੌਂਸਲਰਾਂ ਨੂੰ ਆਪਣੇ ਨਾਲ ਇੱਕ-ਇੱਕ ਵਿਅਕਤੀ ਨੂੰ ਬਤੌਰ ਦਰਸ਼ਕ ਲਿਆਉਣ ਦੀ ਆਗਿਆ ਸੀ। ਉਥੇ ਤਾਇਨਾਤ ਸੁਰੱਖਿਆ ਕਰਮੀਆਂ ਨੇ ਵਾਧੂ ਲੋਕਾਂ ਨੂੰ ਨਿਗਮ ਭਵਨ ਵਿੱਚ ਦਾਖਲ ਨਹੀਂ ਹੋਣ ਦਿੱਤਾ ਅਤੇ ਗੇਟ ’ਤੇ ਹੀ ਰੋਕ ਦਿੱਤਾ। ਨਵੇਂ ਚੁਣੇ ਗਏ ਕੌਂਸਲਰਾਂ ਨੂੰ ਵੀ ਪਾਸ ਦਿਖਾ ਕੇ ਨਿਗਮ ਭਵਨ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ। ਸਵੇਰੇ ਤੈਅ ਸਮੇਂ ਅਨੁਸਾਰ ਸਾਢੇ 11 ਵਜੇ ਕੌਮੀ ਤਰਾਨੇ ਤੋਂ ਬਾਅਦ ਸਹੁੰ ਚੁੱਕ ਸਮਾਗਮ ਸ਼ੁਰੂ ਹੋਇਆ। ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਨੇ ਨਵੇਂ ਕੌਂਸਲਰਾਂ ਨੂੰ ਵਧਾਈ ਦਿੱਤੀ ਡਿਪਟੀ ਕਮਿਸ਼ਨਰ ਨੇ ਉਮੀਦ ਪ੍ਰਗਟਾਈ ਕਿ ਨਿਗਮ ਦੀ ਨਵੀਂ ਚੁਣੀ ਹੋਈ ਟੀਮ ਪ੍ਰਸ਼ਾਸਨ ਅਤੇ ਨਗਰ ਨਿਗਮ ਦਰਮਿਆਨ ਬਿਹਤਰ ਤਾਲਮੇਲ ਬਣਾ ਕੇ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਸ਼ਹਿਰ ਦੇ ਵਿਕਾਸ ਅਤੇ ਇਥੋਂ ਦੇ ਨਿਵਾਸੀਆਂ ਦੀਆਂ ਸਹੂਲਤਾਂ ਲਈ ਨਗਰ ਨਿਗਮ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰੇਗਾ।
ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ ਨੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਦੁਪਹਿਰ ਦੇ ਭੋਜਨ ਵੇਲੇ ਨਵੇਂ ਕੌਂਸਲਰਾਂ ਨੂੰ ਵਧਾਈ ਦਿੱਤੀ। ਸਹੁੰ ਚੁੱਕ ਸਮਾਗਮ ਮੌਕੇ ਨਿਗਮ ਭਵਨ ਦੁਆਲੇ ਪੁਲੀਸ ਨੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਸਨ। ਹੁਣ ਮੇਅਰ ਦੀ ਟੀਮ ਬਣਨ ਦਾ ਇੰਤਜ਼ਾਰ ਸ਼ੁਰੂ ਹੋ ਗਿਆ ਹੈ। ਪ੍ਰਸ਼ਾਸਨ ਵੱਲੋਂ ਚੰਡੀਗੜ੍ਹ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਦੀ ਚੋਣ ਲਈ ਤਾਰੀਕ ਤੈਅ ਕਰਕੇ ਚੋਣਾਂ ਕਰਵਾਈਆਂ ਜਾਣਗੀਆਂ। ਨਿਗਮ ਦੇ 35 ਕੌਂਸਲਰ ਮੇਅਰ ਦੀ ਚੋਣ ਲਈ ਵੋਟਾਂ ਪਾਉਣਗੇ। ਇੱਕ ਵੋਟ ਸੰਸਦ ਮੈਂਬਰ ਕਿਰਨ ਖੇਰ ਦੀ ਵੀ ਹੈ। ਹਾਲਾਂਕਿ ਚੰਡੀਗੜ੍ਹ ਦੇ ਮੇਅਰ ਨੂੰ ਲੈਕੇ ਭਾਜਪਾ ਅਤੇ ਆਮ ਆਦਮੀ ਪਾਰਟੀ ਵੱਲੋਂ ਦਾਅਵੇ ਪੇਸ਼ ਕੀਤੇ ਜਾ ਰਹੇ ਹਨ ਪਰ ਮੇਅਰ ਦੀ ਚੋਣ ਤੋਂ ਬਾਅਦ ਹੀ ਸਾਫ ਹੋਵੇਗਾ ਕਿ ਮੇਅਰ ਦੀ ਸੀਟ ’ਤੇ ਕੌਣ ਬੈਠੇਗਾ। ਮੇਅਰ ਦੀ ਚੋਣ ਇੱਕ ਸਾਲ ਲਈ ਹੁੰਦੀ ਹੈ।
ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚਾਵਲਾ ਤੇ ਪਾਰਟੀ ਆਗੂ ਦਵਿੰਦਰ ਬਬਲਾ ਖਹਬਿੜੇ
ਸਹੁੰ ਚੁੱਕ ਸਮਾਗਮ ਖ਼ਤਮ ਹੁੰਦਿਆਂ ਹੀ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚਾਵਲਾ ਅਤੇ ਪਾਰਟੀ ਦੇ ਸੀਨੀਅਰ ਆਗੂ ਦਵਿੰਦਰ ਸਿੰਘ ਬਬਲਾ ਆਪਸ ਵਿੱਚ ਖਹਬਿੜ ਪਏ ਅਤੇ ਗੱਲ ਕੁੱਟਮਾਰ ’ਤੇ ਪਹੁੰਚ ਗਈ। ਹਾਜ਼ਰ ਪਤਵੰਤਿਆਂ ਨੇ ਦੋਹਾਂ ਦਾ ਗੁੱਸਾ ਠੰਢਾ ਕੀਤਾ ਅਤੇ ਨਿਗਮ ਦੀ ਦਰਸ਼ਕ ਗੈਲਰੀ ਤੋਂ ਬਾਹਰ ਲੈ ਆਏ। ਵੇਰਵਿਆਂ ਅਨੁਸਾਰ ਸਹੁੰ ਚੁੱਕ ਸਮਾਗਮ ਖਤਮ ਹੋਇਆ ਹੀ ਸੀ ਕਿ ਦਰਸ਼ਕਾਂ ਦੀ ਗੈਲਰੀ ਵਿੱਚ ਸੁਭਾਸ਼ ਚਾਵਲਾ ਅਤੇ ਦਵਿੰਦਰ ਬਬਲਾ ਖਹਬਿੜ ਪਏ। ਬਬਲਾ ਨੇ ਸੁਭਾਸ਼ ਚਾਵਲ ’ਤੇ ਚੰਡੀਗੜ੍ਹ ਕਾਂਗਰਸ ਨੂੰ ਡੁਬਾਉਣ ਦੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਚੰਡੀਗੜ੍ਹ ਕਾਂਗਰਸ ਦੋ ਜਣਿਆਂ ਕਾਰਨ ਡੁੱਬੀ ਹੈ ਜਿਨ੍ਹਾਂ ਵਿੱਚ ਸੁਭਾਸ਼ ਚਾਵਲਾ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਜਿਹੜਾ ਪ੍ਰਧਾਨ ਨਿਗਮ ਚੋਣਾਂ ਵਿੱਚ ਆਪਣੇ ਬੇਟੇ ਨੂੰ ਜਿੱਤ ਨਹੀਂ ਦਿਵਾ ਸਕਿਆ ਉਹ ਆਪਣੀ ਪਾਰਟੀ ਨੂੰ ਕਿਵੇਂ ਜਿੱਤ ਦਿਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਜ ਇਥੇ ਸਹੁੰ ਚੁੱਕ ਸਮਾਗਮ ਦੌਰਾਨ ਉਨ੍ਹਾਂ ਨੂੰ ਸੁਭਾਸ਼ ਚਾਵਲਾ ਘੂਰੀਆਂ ਵੱਟ ਰਿਹਾ ਸੀ ਜਿਸ ਕਾਰਨ ਉਸ ਨੂੰ ਗੁੱਸਾ ਆ ਗਿਆ। ਉਧਰ ਬਬਲਾ ਦੇ ਇਸ ਬਿਆਨ ਨੂੰ ਲੈਕੇ ਸੁਭਾਸ਼ ਚਾਵਲਾ ਨੇ ਕੋਈ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਹੁਣ ਜੋ ਕਾਰਵਾਈ ਕੀਤੀ ਜਾਵੇਗੀ ਉਹ ਪਾਰਟੀ ਵੱਲੋਂ ਹੀ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਨਗਰ ਨਿਗਮ ਦੀਆਂ ਚੋਣਾਂ ਵਿੱਚ ਚੰਡੀਗੜ੍ਹ ਕਾਂਗਰਸ ਨੇ 35 ਸੀਟਾਂ ਵਿਚੋਂ 8 ਸੀਟਾਂ ’ਤੇ ਹੀ ਜਿੱਤ ਪ੍ਰਾਪਤ ਕੀਤੀ ਹੈ। ਦਵਿੰਦਰ ਸਿੰਘ ਬਬਲਾ ਦੀ ਪਤਨੀ ਹਰਪ੍ਰੀਤ ਕੌਰ ਬਬਲਾ ਨੇ ਨਿਗਮ ਚੋਣ ਜਿੱਤੀ ਹੈ। ਹਰਪ੍ਰੀਤ ਕੌਰ ਕਾਂਗਰਸ ਦੀ ਅਜਿਹੀ ਉਮੀਦਵਾਰ ਹੈ ਜਿਸ ਨੇ ਸਭ ਤੋਂ ਜ਼ਿਆਦਾ 3100 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ। ਹਰਪ੍ਰੀਤ ਕੌਰ ਬਬਲਾ ਵਾਰਡ ਨੰਬਰ-10 ਤੋਂ ਬਤੌਰ ਕੌਂਸਲਰ ਇਥੇ ਨਿਗਮ ਸਹੁੰ ਚੁੱਕ ਸਮਾਗਮ ਵਿੱਚ ਹਾਜ਼ਰ ਸੀ ਅਤੇ ਉਸ ਦਾ ਪਤੀ ਦਵਿੰਦਰ ਸਿੰਘ ਬਬਲਾ ਦਰਸ਼ਕ ਗੈਲਰੀ ਵਿੱਚ ਬੈਠ ਕੇ ਸਮਾਗਮ ਨੂੰ ਦੇਖ ਰਿਹਾ ਸੀ। ਇਸ ਮੌਕੇ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਅਰੁਣ ਸੂਦ ਨੇ ਕਿਹਾ ਕਿ ਮੇਅਰ ਸਮੇਤ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ’ਤੇ ਭਾਜਪਾ ਹੀ ਕਾਬਜ਼ ਹੋਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ।