ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 24 ਜੁਲਾਈ
ਸਿਟਕੋ ਨੇ ਸੈਕਟਰ-34 ਵਿੱਚ ਸਥਿਤ ਡਰਾਪ ਇਨ ਰੈਸਟੋਰੇਂਟ ਦੀ ਨਵੇਂ ਸਿਰੇ ਤੋਂ ਅਲਾਟਮੈਂਟ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਵਾਰ ਸਿਟਕੋ ਵੱਲੋਂ ਰੈਸਟੋਰੇਂਟ ਵਿੱਚ ਐੱਲ-3, 4, 5, ਲਾਇਸੈਂਸ ਨਾਲ ਬਾਰ ਚਲਾਉਣ ਦੀ ਸੁਵਿਧਾ ਵੀ ਦਿੱਤੀ ਜਾਵੇਗੀ ਜਿਸ ਲਈ ਸਿਟਕੋ ਨੇ ਚਾਹਵਾਨਾਂ ਤੋਂ ਅਪਲਾਈ ਕਰਨ ਦੀ ਮੰਗ ਕੀਤੀ ਹੈ। ਇਸ ਲਈ 18 ਅਗਸਤ ਨੂੰ ਸ਼ਾਮ 5 ਵਜੇ ਤੱਕ ਅਪਲਾਈ ਕੀਤਾ ਜਾਵੇਗਾ।
ਜਿਸ ਕੰਪਨੀ ਦੀ ਬਿੱਡ ਜ਼ਿਆਦਾ ਹੋਵੇਗੀ, ਰੈਸਟੋਰੇਂਟ ਉਸੀ ਦੇ ਨਾਮ ’ਤੇ ਅਲਾਟ ਕਰ ਦਿੱਤਾ ਜਾਵੇਗਾ। ਜਾਣਕਾਰੀ ਅਨੁਸਾਰ ਡਰਾਪ ਇਨ ਰੈਸਟੋਰੇਂਟ ਨੂੰ ਅਸਮੀ ਇੰਡਸਟਰੀਜ਼ ਚਲਾ ਰਹੀ ਹੈ ਜਿਸ ਨੇ ਅਲਾਟਮੈਂਟ ਤੋਂ ਡੇਢ ਸਾਲ ਪਹਿਲਾਂ ਹੀ ਰੈਸਟੋਰੇਂਟ ਨੂੰ ਛੱਡਣ ਦਾ ਫ਼ੈਸਲਾ ਕੀਤਾ ਹੈ। ਇਸ ਨੂੰ ਅਗਸਤ ਤੱਕ ਦਾ ਸਮਾਂ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਕਰੋਨਾ ਮਹਾਮਾਰੀ ਦੇ ਚੱਲਦਿਆਂ ਸ਼ਹਿਰ ਵਿੱਚ ਸਿਟਕੋ ਅਤੇ ਨਿੱਜੀ ਹੋਟਲਾਂ ਨੂੰ ਵੀ ਘਾਟੇ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਕਾਰਨ ਵੀ ਹੋਟਲ ਇੰਡਸਟਰੀ ਕਾਫੀ ਪ੍ਰਭਾਵਿਤ ਹੋ ਰਹੀ ਹੈ। ਸਿਟਕੋ ਪ੍ਰੋਗਰੈਸਿਵ ਯੂਨੀਅਨ ਦੇ ਪ੍ਰਧਾਨ ਪ੍ਰੇਮ ਲਾਲ ਦਾ ਕਹਿਣਾ ਹੈ ਕਿ ਸਿਟਕੋ ਨੂੰ ਰੈਸਟੋਰੈਂਟ ਨਿੱਜੀ ਹੱਥਾਂ ਵਿੱਚ ਦੇਣ ਦੀ ਥਾਂ ਖੁਦ ਚਲਾਉਣਾ ਚਾਹੀਦਾ ਹੈ।