ਪੀ.ਪੀ. ਵਰਮਾ
ਪੰਚਕੂਲਾ, 1 ਮਈ
ਪੰਚਕੂਲਾ ਦੇ ਸੈਕਟਰ-20 ਦੀਆਂ ਹਾਊਸਿੰਗ ਸੁਸਾਇਟੀਆਂ ’ਚ ਬਿਜਲੀ ਪਾਣੀ ਨਾ ਆਉਣ ਕਾਰਨ ਤ੍ਰਾਹੀ ਤ੍ਰਾਹੀ ਮਚੀ ਹੋਈ ਹੈ। ਸੈਕਟਰ-20 ਦੀਆਂ ਹਾਊਸਿੰਗ ਸੁਸਾਇਟੀਆਂ ’ਚ ਰਹਿਣ ਵਾਲੇ ਲੋਕ ਪ੍ਰਾਈਵੇਟ ਪਾਣੀ ਦੇ ਟੈਂਕਰਾਂ ਤੋਂ ਪਾਣੀ ਮੰਗਵਾ ਰਹੇ ਹਨ। ਸੈਕਟਰ-20 ਦੀਆਂ ਸੁਸਾਇਟੀਆਂ ਵਿੱਚ ਬਿਜਲੀ ਨਾ ਆਉਣ ਕਾਰਨ ਦਿਨ ਰਾਤ ਜਨਰੇਟਰ ਚੱਲ ਰਹੇ ਹਨ। ਹਾਊਸਿੰਗ ਸੁਸਾਇਟੀਆਂ ਦਾ ਬਜਟ ਪੂਰੀ ਤਰ੍ਹਾਂ ਹਿੱਲ ਚੁੱਕਿਆ ਹੈ। ਕਿਉਂਕਿ ਮੈਨੇਜਮੈਂਟਾਂ ਦਾ ਵਧੇਰੇ ਖਰਚਾ ਜਨਰੇਟਰਾਂ ਲਈ ਡੀਜ਼ਲ ਮੁਹੱਈਆ ਕਰਵਾਉਣ ਤੇ ਪਾਣੀ ਮੰਗਵਾਉਣ ’ਤੇ ਖਰਚ ਹੋ ਰਿਹਾ ਹੈ। ਇਨ੍ਹਾਂ ਸੁਸਾਇਟੀਆਂ ਦੀਆਂ ਮੈਨੇਜਮੈਂਟਾਂ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਜੇ ਅਜਿਹਾ ਹਾਲ ਰਿਹਾ ਤਾਂ ਸੁਸਾਇਟੀਆਂ ਦੀ ਹਾਲਤ ਹੋਰ ਵੀ ਖਰਾਬ ਹੋ ਜਾਵੇਗੀ। ਸੁਸਾਇਟੀਆਂ ਦੇ ਕਈ ਵਸਨੀਕਾਂ ਅਨੁਸਾਰ ਇਸ ਮਾਮਲੇ ਨੂੰ ਲੈ ਕੇ ਸਰਕਾਰਾਂ ਤੋਂ ਕੋਈ ਉਮੀਦ ਨਹੀਂ ਰੱਖੀ ਜਾ ਸਕਦੀ। ਕਿਉਂਕਿ ਪੰਚਕੂਲਾ ਸ਼ਹਿਰ ’ਚ ਬਿਜਲੀ ਦੇ ਕੱਟ ਛੇ-ਛੇ ਘੰਟੇ ਦੇ ਲੱਗ ਰਹੇ ਹਨ। ਇਹ ਮਹਿਕਮੇ ਵੱਲੋਂ ਐਲਾਨੇ ਗਏ ਹਨ ਪਰ ਇਸ ਦੀ ਆੜ ’ਚ ਨੌਂ-ਨੌਂ ਘੰਟੇ ਦੇ ਕੱਟ ਲਾਏ ਜਾ ਰਹੇ ਹਨ।
ਹੌਲੀ ਹੌਲੀ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ ਵੱਲੋਂ ਵੀ ਪਾਣੀ ਦੀ ਸਪਲਾਈ ਦੇਣ ਲਈ ਆਪਣੇ ਹੱਥ ਖੜ੍ਹੇ ਕੀਤੇ ਜਾ ਰਹੇ ਹਨ ਕਿਉਂਕਿ ਹੁੱਡਾ ਦੇ ਜਨਸਿਹਤ ਵਿਭਾਗ ਅਨੁਸਾਰ ਪਾਵਰ ਕੱਟਾਂ ਕਾਰਨ ਉਨ੍ਹਾਂ ਦੇ ਸਰਕਾਰੀ ਟਿਊਵੈੱਲ ਵੀ ਨਹੀਂ ਚੱਲ ਰਹੇ। ਸ਼ਹਿਰੀ ਵਿਕਾਸ ਅਥਾਰਟੀ ਹੁੱਡਾ ਦੀ ਜਨਸਿਹਤ ਡਵੀਜ਼ਨ ਦੇ ਅਧਿਕਾਰੀਆਂ ਅਨੁਸਾਰ ਬਿਜਲੀ ਨਾ ਆਉਣ ਕਾਰਨ ਪਾਣੀ ਸਪਲਾਈ ਕਰਨ ਵਾਲੇ ਟੈਂਕਰ ਵੀ ਨਹੀਂ ਭਰੇ ਜਾ ਰਹੇ। ਪੰਚਕੂਲਾ ਦੇ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਸੈਕਟਰ-20 ਦੇ ਵਾਈਸ ਪ੍ਰਧਾਨ ਯੋਗਿੰਦਰ ਕਵਾਤਰਾ ਨੇ ਦੱਸਿਆ ਕਿ ਹੁਣ ਲੋ ਪ੍ਰੈਸ਼ਰ ਕਾਰਨ ਸੁਸਾਇਟੀਆਂ ਵਿੱਚ ਪਾਣੀ ਵੀ ਜਾਣਾ ਬੰਦ ਹੋ ਰਿਹਾ ਹੈ। ਕਵਾਤਰਾ ਅਨੁਸਾਰ ਸਬੰਧਿਤ ਅਧਿਕਾਰੀ ਨੇ ਸ਼ਿਕਾਇਤਾਂ ਸਬੰਧੀ ਫੋਨ ਵੀ ਚੱਕਣੇ ਬੰਦ ਕਰ ਦਿੱਤੇ ਹਨ। ਹਾਊਸਿੰਗ ਸੁਸਾਇਟੀ ਨੰ. 16, 19, 64,70,80, 39,43,104 ’ਚ ਪ੍ਰਾਈਵੇਟ ਟੈਂਕਰਾਂ ਰਾਹੀਂ ਪਾਣੀ ਮੰਗਵਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਸੁਸਾਇਟੀ ਨੰਬਰ 105 ਵਿੱਚ ਵੀ ਪਾਣੀ ਤੇ ਬਿਜਲੀ ਦਾ ਬੁਰਾ ਹਾਲ ਹੈ। ਆਰਡਬਲਯੂਏ ਦੇ ਜਨਰਲ ਸੈਕਟਰੀ ਅਵਿਨਾਸ਼ ਮਲਿਕ ਨੇ ਦੱਸਿਆ ਕਿ ਪਾਣੀ ਨਾ ਆਉਣ ਕਾਰਨ ਸੈਕਟਰ-20 ਦੇ ਬਾਗ਼ ਉੱਜੜ ਰਹੇ ਹਨ ਤੇ ਨਗਰ ਨਿਗਮ ਤੇ ਹੁੱਡਾ ਨੂੰ ਇਸ ਸਮੱਸਿਆ ਦਾ ਤੁਰੰਤ ਹੱਲ ਕਰਨਾ ਚਾਹੀਦਾ ਹੈ।