ਸਰਬਜੀਤ ਸਿੰਘ ਭੱਟੀ
ਲਾਲੜੂ, 1 ਮਾਰਚ
ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਲਾਭ ਗਰੀਬ ਤੇ ਲੋੜਵੰਦ ਲੋਕਾਂ ਨੂੰ ਨਹੀ ਮਿਲ ਰਿਹਾ, ਅਤੇ ਸੱਤਾਧਾਰੀ ਇਸ ਯੋਜਨਾ ਨੂੰ ਜ਼ਰੂਰਤਮੰਦਾਂ ਤੱਕ ਨਾ ਪਹੁੰਚਾ ਕੇ ਕਥਿਤ ਤੌਰ ’ਤੇ ਸਿਰਫ ਆਪਣੇ ਚਹੇਤਿਆ ਨੂੰ ਹੀ ਯੋਜਨਾ ਦਾ ਲਾਭ ਦੇ ਰਹੇ ਹਨ। ਅਨੇਕਾਂ ਲੋੜਵੰਦ ਵਿਅਕਤੀ ਉਕਤ ਯੋਜਨਾ ਦੇ ਲਾਭ ਦੀ ਉਡੀਕ ’ਚ ਹਨ। ਸਹੂਲਤ ਨਾ ਮਿਲਣ ਕਾਰਨ ਗਰੀਬ ਪਰਿਵਾਰ, ਜਿਨ੍ਹਾਂ ਦੇ ਘਰ ਕਮਾਉਣ ਵਾਲਾ ਕੋਈ ਨਹੀਂ ਹੈ, ਖੰਡਰਨੁਮਾ ਟਪਕਦੀ ਛੱਤਾਂ ਹੇਠ ਰਹਿਣ ਲਈ ਮਜਬੂਰ ਹਨ।
ਘੋਲੂਮਾਜਰਾ ਵਾਸੀ ਰਾਮ ਮੂਰਤੀ ਪਤਨੀ ਬਦਨ ਸਿੰਘ, ਸ਼ਸੀ ਬਾਲਾ ਪਤਨੀ ਲੇਟ ਸਤਪਾਲ ਸਿੰਘ, ਰਾਮ ਕੁਮਾਰ, ਰਜਿੰਦਰ ਸਿੰਘ ਨਿਵਾਸੀ ਲਾਲੜੂ, ਮਨਜਿੰਦਰ ਕੌਰ, ਭਾਗੋ ਦੇਵੀ ਪਤਨੀ ਰਾਮ ਸਰੂਪ, ਪਰਮਜੀਤ, ਹਰਬੰਸ ਕੌਰ, ਬਿਟੂ ਰਾਮ, ਸੰਦੀਪ ਕੁਮਾਰ, ਹਰਭਜਨ ਸਿੰਘ, ਜਸਵੰਤ ਸਿੰਘ, ਗੋਲਡੀ, ਰਾਮ ਨਾਥ, ਬਲਜਿੰਦਰ ਕੁਮਾਰ, ਮਨਜਿੰਦਰ ਕੌਰ, ਨਰੇਸ਼ ਕੁਮਾਰ, ਰਾਜੇਸ ਕੁਮਾਰ, ਪਰਦੀਪ ਕੁਮਾਰ, ਸੁਰਿੰਦਰ ਸਿੰਘ ਨੇ ਉਨ੍ਹਾਂ ਨੂੰ ਹਾਲੇ ਤੱਕ ਪ੍ਰਧਾਨ ਮੰਤਰੀ ਅਵਾਸ ਯੋਜਨਾ ਦਾ ਲਾਭ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਕਈ ਸਾਲ ਪਹਿਲਾਂ ਉਨ੍ਹਾਂ ਉਕਤ ਸਕੀਮ ਤਹਿਤ ਫਾਰਮ ਭਰੇ ਸਨ, ਕਿ ਉਨਾਂ ਦੇ ਕੱਚੇ ਘਰ ਪੱਕੇ ਹੋ ਜਾਣਗੇ। ਕਈਆਂ ਦੇ ਘਰਾਂ ਵਿੱਚ ਕੋਈ ਵੀ ਕਮਾਉਣ ਵਾਲਾ ਨਹੀਂ, ਕਈ ਔਰਤਾਂ ਵਿਧਵਾ ਪੈਨਸ਼ਨ ’ਤੇ ਅਤੇ ਬਜ਼ੁਰਗ ਦਿਹਾੜੀਆਂ ਕਰਕੇ ਗੁਜ਼ਾਰਾ ਕਰ ਰਹੇ ਹਨ। ਕਈ ਸਾਲ ਬੀਤ ਜਾਣ ਤੋਂ ਬਾਅਦ ਵੀ ਫਾਰਮ ਫਾਈਲਾਂ ਵਿੱਚ ਦਬੇ ਪਏ ਹਨ। ਉਕਤ ਵਿਅਕਤੀਆਂ ਨੇ ਦੱਸਿਆ ਕਿ ਚਾਪਲੂਸੀ ਕਰਨ ਵਾਲਿਆ ਨੂੰ ਹੀ ਅਵਾਸ ਯੋਜਨਾ ਦਾ ਲਾਭ ਮਿਲ ਰਿਹਾ ਹੈ, ਬਾਕੀ ਸਾਰੇ ਦਫਤਰਾਂ ਦੇ ਚੱਕਰ ਕੱਟ ਕੇ ਪ੍ਰੇਸ਼ਾਨ ਹੋ ਚੁੱਕੇ ਹਨ।
ਯੋਗ ਪਾਤਰਾਂ ਨੂੰ ਰਾਸ਼ੀ ਛੇਤੀ ਜਾਰੀ ਹੋਵੇਗੀ: ਜਗਜੀਤ ਸਿੰਘ
ਨਗਰ ਕੌਂਸਲ ਲਾਲੜੂ ਦੇ ਕਾਰਜਸਾਧਕ ਅਫਸਰ ਜਗਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਸਮੇਂ ਵਿੱਚ ਬਹੁਤ ਸਾਰੇ ਲਾਭਪਾਤਰੀਆਂ ਨੁੂੰ ਉਕਤ ਸਕੀਮ ਦਾ ਲਾਭ ਦਿੱਤਾ ਜਾ ਚੁੱਕਾ ਹੈ ਅਤੇ ਜਿਨ੍ਹਾਂ ਦੀ ਫਾਈਲਾਂ ਮੁਕੰਮਲ ਹਨ ਉਨ੍ਹਾਂ ਨੂੰ ਵੀ ਛੇਤੀ ਰਾਸ਼ੀ ਜਾਰੀ ਕਰ ਦਿੱਤੀ ਜਾਵੇਗੀ।