ਪੰਚਕੂਲਾ: ਨਵਰਾਤਰੀ ਮੇਲੇ ਦੌਰਾਨ ਅੱਜ ਤੀਜੇ ਦਿਨ 30 ਹਜ਼ਾਰ ਸ਼ਰਧਾਲੂ ਮਾਤਾ ਮਨਸਾ ਦੇਵੀ ਮੰਦਰ ਵਿੱਚ ਨਤਮਸਤਕ ਹੋਏ। ਪ੍ਰਬੰਧਕਾਂ ਵੱਲੋਂ ਵੀਆਈਪੀਜ਼ ਲਈ ਵੱਖਰੇ ਪ੍ਰਬੰਧ ਕੀਤੇ ਗਏ ਹਨ। ਮੇਲੇ ਵਿੱਚ ਵਧੇਰੇ ਸ਼ਰਧਾਲੂ ਟ੍ਰਾਈਸਿਟੀ ਤੋਂ ਇਲਾਵਾ ਮਾਲਵਾ ਇਲਾਕੇ ਤੋਂ ਆਏ। ਮੰਦਰ ਵਿੱਚ ਹੁਣ ਤੱਕ 23,44,686 ਰੁਪਏ ਦਾ ਚੜ੍ਹਾਵਾ ਚੜ੍ਹਿਆ ਹੈ। ਇਸ ਚੜ੍ਹਾਵੇ ਵਿੱਚ ਚੰਡੀਮਾਤਾ ਮੰਦਰ, ਕਾਲੀ ਦੇਵੀ ਮੰਦਰ ਕਾਲਕਾ ਅਤੇ ਮਾਤਾ ਮਨਸਾ ਦੇਵੀ ਮੰਦਰ ਦੀ ਰਾਸ਼ੀ ਸ਼ਾਮਲ ਹੈ। ਇਹ ਤਿੰਨੋ ਮੰਦਰ ਪੂਜਾ ਸਥਲ ਬੋਰਡ ਦੇ ਅਧੀਨ ਆਉਂਦੇ ਹਨ। ਇਸ ਤੋਂ ਇਲਾਵਾ ਸ਼ਰਧਾਲੂਆਂ ਵੱਲੋਂ 100 ਕੈਨੇਡੀਅਨ ਡਾਲਰ ਤੇ ਸੋਨੇ ਅਤੇ ਚਾਂਦੀ ਦੇ ਨਗ ਵੀ ਚੜ੍ਹਾਏ ਗਏ ਹਨ। ਡੀਸੀ ਮਹਾਵੀਰ ਕੌਸ਼ਿਕ ਨੇ ਦੱਸਿਆ ਕਿ ਮੇਲੇ ਲਈ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ। -ਪੱਤਰ ਪ੍ਰੇਰਕ