ਪੱਤਰ ਪ੍ਰੇਰਕ
ਮੋਰਿੰਡਾ, 20 ਸਤੰਬਰ
ਪਿੰਡ ਕਾਈਨੌਰ ਵਸਨੀਕ ਤੋਂ ਇੱਕ ਨੌਸਰਬਾਜ਼ ਨੇ ਵਿਦੇਸ਼ੀ ਫੋਨ ਰਾਹੀਂ ਆਪਣੇ ਆਪ ਨੂੰ ਸਬੰਧਿਤ ਵਿਅਕਤੀ ਦਾ ਰਿਸ਼ਤੇਦਾਰ ਦੱਸਦਿਆਂ 150000 ਰੁਪਏ ਠੱਗ ਲਏ। ਮੋਰਿੰਡਾ ਪੁਲੀਸ ਨੂੰ ਦਰਜ ਕਰਵਾਏ ਆਪਣੇ ਬਿਆਨ ਵਿੱਚ ਪਿੰਡ ਕਾਈਨੌਰ ਵਾਸੀ ਦਰਸ਼ਨ ਸਿੰਘ ਨੇ ਦੱਸਿਆ ਕਿ ਉਸ ਨੂੰ ਵਿਦੇਸ਼ ਤੋਂ ਫੋਨ ਨੰਬਰ +10669123 ਰਾਹੀਂ ਫੋਨ ਆਇਆ ਕਿ ਉਹ ਵਿਦੇਸ਼ ਤੋਂ ਉਸ ਦਾ ਰਿਸ਼ਤੇਦਾਰ ਬੋਲ ਰਿਹਾ ਹੈ ਤੇ ਉਸ ਨੂੰ ਡੇਢ ਲੱਖ ਰੁਪਏ ਦੀ ਜ਼ਰੂਰਤ ਹੈ। ਦਰਸ਼ਨ ਸਿੰਘ ਨੇ ਦੱਸਿਆ ਕਿ ਇਸ ਨੌਸਰਬਾਜ਼ ਨੇ ਆਪਣਾ ਖਾਤਾ ਨੰਬਰ ਦੱਸਦਿਆਂ ਇਸ ਖਾਤੇ ਵਿਚ ਪੈਸੇ ਜਮ੍ਹਾਂ ਕਰਵਾ ਲਏ। ਮੋਰਿੰਡਾ ਸਦਰ ਪੁਲੀਸ ਨੇ ਨੌਸਰਬਾਜ ਹੈਦਰ ਅਲੀ ਸ਼ੇਖ ਵਾਸੀ ਪੱਛਮੀ ਬੰਗਾਲ ਵਿਰੁੱਧ ਕੇਸ ਦਰਜ ਕੀਤਾ ਹੈ।