ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 25 ਜੂਨ
ਇਥੇ ਮੌਲੀਜੱਗਰਾਂ ਇਲਾਕੇ ਵਿੱਚ ਅਣਪਛਾਤੇ ਸ਼ਰਾਰਤੀ ਅਨਸਰਾਂ ਵੱਲੋਂ ਲੰਘੀ ਰਾਤ ਲਗਪਗ ਡੇਢ ਦਰਜਨ ਘਰਾਂ ਦੇ ਅੱਗੇ ਖੜ੍ਹੇ ਕੀਤੇ ਗਏ ਵਾਹਨਾਂ ਦੇ ਸ਼ੀਸ਼ੇ ਤੋੜ ਦਿੱਤੇ ਗਏ। ਵਾਰਦਾਤ ਦੀ ਸੂਚਨਾ ਪੁਲੀਸ ਨੂੰ ਦੇ ਦਿੱਤੀ ਗਈ ਹੈ। ਪੀੜਤ ਅਤੇ ਹੋਰ ਲੋਕਾਂ ਨੇ ਮੌਕੇ ’ਤੇ ਪੁੱਜੀ ਪੁਲੀਸ ਤੋਂ ਵਾਹਨਾਂ ਦੇ ਸ਼ੀਸ਼ੇ ਤੋੜਨ ਵਾਲੇ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਵਾਹਨਾਂ ਦੇ ਸ਼ੀਸ਼ੇ ਤੋੜਨ ਦੀ ਵਾਰਦਾਤ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ, ਜਿਸ ਦੀ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਇਲਾਕਾ ਵਾਸੀਆਂ ਨੇ ਦੋਸ਼ ਲਾਇਆ ਕਿ ਮੌਲੀ ਜੱਗਰਾਂ ਕਲੋਨੀ ਦੇ ਆਸ-ਪਾਸ ਰਹਿੰਦੇ ਮੁੰਡੇ ਇਥੇ ਚੋਰੀ, ਲੜਾਈ ਝਗੜੇ ਅਤੇ ਹੋਰ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਪਰ ਪੁਲੀਸ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ। ਪੁਲੀਸ ਨੇ ਇਸ ਸਬੰਧੀ ਕਾਰਵਾਈ ਦਾ ਭਰੋਸਾ ਦਿੱਤਾ ਹੈ।