ਆਤਿਸ਼ ਗੁਪਤਾ
ਚੰਡੀਗੜ੍ਹ, 8 ਅਗਸਤ
ਟੋਕੀਓ ਓਲੰਪਿਕ ’ਚ ਭਾਰਤੀ ਖਿਡਾਰੀਆਂ ਦੇ ਵਧੀਆ ਪ੍ਰਦਰਸ਼ਨ ਅਤੇ ਦੇਸ਼ ਲਈ ਤਗ਼ਮੇ ਜਿੱਤਣ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਸਰਕਾਰ ਚਾਹੇ ਪੰਜਾਬ ਦੀ ਹੋਵੇ ਜਾਂ ਹਰਿਆਣਾ ਦੀ, ਖਿਡਾਰੀਆਂ ਲਈ ਕਰੋੜਾਂ ਰੁਪਏ ਦੇ ਇਨਾਮਾਂ ਦਾ ਐਲਾਨ ਕਰਕੇ ਖ਼ਜ਼ਾਨੇ ਦੇ ਮੂੰਹ ਖੋਲ੍ਹ ਦਿੱਤੇ ਹਨ। ਅਜਿਹੇ ਆਲਮ ਵਿੱਚ ਚੰਡੀਗੜ੍ਹ ਦੀ ਇਕ ਖਿਡਾਰਨ ਕੌਮੀ ਪੱਧਰ ’ਤੇ ਨਾਮਣਾ ਖੱਟਣ ਦੇ ਬਾਵਜੂਦ ਦਿਹਾੜੀਆਂ ਕਰਕੇ ਪਰਿਵਾਰ ਦਾ ਪੇਟ ਪਾਲਣ ਲਈ ਮਜਬੂਰ ਹੈ। ਪਰਿਵਾਰ ਦੇ ਮਾੜੇ ਆਰਥਿਕ ਹਾਲਾਤ ਕਰਕੇ ਉਹ ਪੜ੍ਹਾਈ ਅਤੇ ਖੇਡਾਂ ਵਿਚਾਲੇ ਛੱਡ ਚੁੱਕੀ ਹੈ।
ਕੌਮੀ ਪੱਧਰ ’ਤੇ ਬਾਕਸਿੰਗ, ਕੁਸ਼ਤੀ ਅਤੇ ਵਾਲੀਬਾਲ ਖੇਡਣ ਵਾਲੀ ਧਨਾਸ ਦੀ ਵਸਨੀਕ ਰੀਤੂ(23) ਨੂੰ ਘਰ ਦੇ ਹਾਲਾਤ ਸੁਧਾਰਨ ਲਈ ਸੈਕਟਰ-22 ਦੀ ਪਾਰਕਿੰਗ ਵਿੱਚ ਕੰਮ ਕਰਨਾ ਪੈ ਰਿਹਾ ਹੈ। ਰੀਤੂ ਦੇ ਘਰ ਵਿੱਚ ਮਾਂ-ਪਿਉ ਅਤੇ ਤਿੰਨ ਭਰਾ ਹਨ। ਵੱਡਾ ਭਰਾ ਹਸਪਤਾਲ ਵਿੱਚ ਖਾਨਸਾਮੇ ਦਾ ਕੰਮ ਕਰਦਾ ਹੈ ਜਦਕਿ ਛੋਟੇ ਭਰਾ ਪੜ੍ਹਾਈ ਕਰ ਰਹੇ ਹਨ। ਰੀਤੂ ਨੇ 10 ਸਾਲ ਦੀ ਉਮਰ ਵਿੱਚ ਸਕੂਲ ਪੱਧਰ ’ਤੇ ਖੇਡਣਾ ਸ਼ੁਰੂ ਕੀਤਾ ਸੀ। ਉਸ ਨੇ ਸਾਲ 2014 ਤੋਂ 2017 ਤੱਕ ਸਕੂਲ ਵਿੱਚ ਵਾਲੀਬਾਲ, ਬਾਕਸਿੰਗ ਅਤੇ ਕੁਸ਼ਤੀ ਵਿੱਚ ਹਿੱਸਾ ਲਿਆ। ਸਾਲ 2017 ਵਿੱਚ ਨੈਸ਼ਨਲ ਖੇਡਾਂ ਦੌਰਾਨ ਮੁੱਕੇਬਾਜ਼ੀ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਕੌਮੀ ਪੱਧਰ ’ਤੇ ਵਾਲੀਬਾਲ ਵੀ ਖੇਡ ਚੁੱਕੀ ਹੈ। ਸੂਬਾ ਪੱਧਰ ’ਤੇ ਇਕ-ਇਕ ਸੋਨ ਤਗ਼ਮਾ ਅਤੇ ਇਕ-ਇਕ ਚਾਂਦੀ ਦਾ ਤਗ਼ਮਾ ਜਿੱਤ ਚੁੱਕੀ ਹੈ। ਇਸ ਤੋਂ ਇਲਾਵਾ ਕੁਸ਼ਤੀ ਵਿੱਚ ਵੀ ਹਿੱਸਾ ਲੈਂਦੀ ਰਹੀ ਹੈ।
ਰੀਤੂ ਨੇ ਦੱਸਿਆ ਕਿ ਉਸ ਦੇ ਪਿਤਾ ਰਿਕਸ਼ਾ ਚਲਾਉਂਦੇ ਹਨ। ਉਨ੍ਹਾਂ ਨੂੰ ਸ਼ੂਗਰ ਅਤੇ ਮੋਤੀਆ ਹੋ ਗਿਆ ਸੀ ਤੇ ਹਰ ਮਹੀਨੇ ਦਸ ਹਜ਼ਾਰ ਰੁਪਏ ਦੀ ਦਵਾਈ ਆਉਂਦੀ ਹੈ। ਘਰ ਦੇ ਹਾਲਾਤ ਮਾੜੇ ਹੋਣ ਕਰਕੇ ਪੜ੍ਹਾਈ ਅਤੇ ਖੇਡ ਛੱਡਣੀ ਪਈ। ਅੱਜ ਉਹ ਸੈਕਟਰ-22 ਦੀ ਸ਼ਾਸਤਰੀ ਮਾਰਕੀਟ ਦੀ ਪਾਰਕਿੰਗ ਵਿੱਚ ਨੌਕਰੀ ਕਰ ਰਹੀ ਹੈ। ਉਸ ਨੇ ਕਿਹਾ ਕਿ ਘਰ ਦੇ ਮਾੜੇ ਹਾਲਾਤ ਕਰਕੇ ਦਿਹਾੜੀਆਂ ਕਰਨ ਲਈ ਮਜਬੂਰ ਹੈ, ਪਰ ਇਸ ਦੌਰਾਨ ਖੇਡ ਵਿਭਾਗ ਜਾਂ ਕਿਸੇ ਹੋਰ ਵੱਲੋਂ ਉਸ ਦੀ ਕੋਈ ਮਦਦ ਨਹੀਂ ਕੀਤੀ ਗਈ। ਰੀਤੂ ਨੇ ਕਿਹਾ ਕਿ ਉਹ ਅੱਜ ਵੀ ਦੇਸ਼ ਲਈ ਖੇਡਣਾ ਚਾਹੁੰਦੀ ਹੈ ਅਤੇ ਜੇਕਰ ਖੇਡ ਵਿਭਾਗ ਮਦਦ ਕਰਦਾ ਹੈ ਤਾਂ ਉਹ ਦੇਸ਼ ਦਾ ਨਾਮ ਰੌਸ਼ਨ ਕਰ ਦੇਵੇਗੀ।