ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 1 ਦਸੰਬਰ
ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਯੂਜੀਸੀ) ਵਲੋਂ ਅੱਜ ਨੈਸ਼ਨਲ ਅਲਿਜੀਬਿਲਟੀ ਟੈਸਟ (ਨੈੱਟ) ਦਾ ਨਤੀਜਾ ਐਲਾਨ ਦਿੱਤਾ ਗਿਆ ਜਿਸ ਵਿਚ ਚੰਡੀਗੜ੍ਹ ਦੀ ਪਾਸ ਦਰ ਵਿਚ ਸੁਧਾਰ ਹੋਇਆ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਦੀ ਪਾਸ ਦਰ ਦੇਸ਼ ਭਰ ਦੀ ਪਾਸ ਦਰ ਨਾਲੋਂ ਵੀ ਵੱਧ ਆਈ ਹੈ।
ਨੈਟ ਦੀ ਪ੍ਰੀਖਿਆ ਪਾਸ ਕਰ ਕੇ ਕਾਲਜਾਂ ਵਿਚ ਅਸਿਸਟੈਂਟ ਪ੍ਰੋਫੈਸਰਾਂ ਦੀ ਨਿਯੁਕਤੀ ਹੁੰਦੀ ਹੈ। ਇਹ ਵੀ ਪਤਾ ਲੱਗਾ ਹੈ ਕਿ ਨੈਟ ਪ੍ਰੀਖਿਆ ਵਿਚ ਦੇਸ਼ ਭਰ ਦੇ ਪ੍ਰੀਖਿਆਰਥੀਆਂ ਦੀ ਪਾਸ ਦਰ 5.47 ਫੀਸਦੀ ਰਹੀ ਜਦਕਿ ਚੰਡੀਗੜ੍ਹ ਦੀ ਪਾਸ ਦਰ 7.5 ਫੀਸਦੀ ਰਹੀ ਹੈ। ਟਰਾਈਸਿਟੀ ਦੇ ਚਾਰ ਹਜ਼ਾਰ ਦੇ ਕਰੀਬ ਪ੍ਰੀਖਿਆਰਥੀਆਂ ਨੇ ਨੈਟ ਦੀ ਪ੍ਰੀਖਿਆ ਦਿੱਤੀ। ਇਹ ਪ੍ਰੀਖਿਆ 81 ਵਿਸ਼ਿਆਂ ਵਿਚ ਕਰਵਾਈ ਗਈ ਤੇ ਅੰਗਰੇਜ਼ੀ ਵਿਚ ਸਭ ਤੋਂ ਵੱਧ ਪਾਸ ਪ੍ਰਤੀਸ਼ਤਤਾ 99.74 ਰਹੀ। ਇਸ ਦੇ ਨਾਲ ਹੀ ਰਾਜਨੀਤੀ ਸ਼ਾਸਤਰ ਵਿਚ 60, ਸੋਸ਼ਿਆਲੋਜੀ ਵਿਚ 61.63, ਇਤਿਹਾਸ ਵਿਚ 54, ਮੈਨੇਜਮੈਂਟ ਵਿਚ 56.67 ਤੇ ਅਰਥ ਸ਼ਾਸਤਰ ਵਿਚ 62.67 ਫੀਸਦੀ ਰਹੀ।
ਕੋਚਿੰਗ ਸੈਂਟਰ ਖੁੱਲ੍ਹੇ, ਹੋਸਟਲਾਂ ’ਚ ਨਹੀਂ ਆਏ ਵਿਦਿਆਰਥੀ
ਇਥੋਂ ਦੇ ਜ਼ਿਆਦਾਤਰ ਕੋਚਿੰਗ ਸੈਂਟਰ ਅੱਜ ਅਧਿਕਾਰਿਤ ਤੌਰ ’ਤੇ ਖੁੱਲ੍ਹ ਗਏ ਹਨ ਪਰ ਮੈਡੀਕਲ ਤੇ ਇੰਜਨੀਅਰਿੰਗ ਦੀ ਪੜ੍ਹਾਈ ਕਰਵਾਉਣ ਵਾਲੇ ਜ਼ਿਆਦਾਤਰ ਸੈਂਟਰਾਂ ਨੇ ਹਾਲੇ ਆਨਲਾਈਨ ਪੜ੍ਹਾਈ ਹੀ ਜਾਰੀ ਰੱਖੀ ਤੇ ਸੈਂਟਰ ਨਹੀਂ ਖੋਲ੍ਹੇ ਜਦਕਿ ਤਿਆਰੀ ਪ੍ਰੀਖਿਆਵਾਂ ਤੇ ਆਈਲੈਟਸ ਦੀ ਪੜ੍ਹਾਈ ਕਰਵਾਉਣ ਵਾਲੇ ਸੈਂਟਰਾਂ ਵਿਚ ਅੱਜ ਵਿਦਿਆਰਥੀਆਂ ਨੇ ਰੈਗੂਲਰ ਬੈਚ ਲਾਏ। ਜਿਹੜੇ ਕੋਚਿੰਗ ਸੈਂਟਰ ਖੋਲ੍ਹੇ ਗਏ ਉਨ੍ਹਾਂ ਦੇ ਬਾਹਰ ਵਿਦਿਆਰਥੀਆਂ ਦੀ ਥਰਮਲ ਸਕਰੀਨਿੰਗ ਕੀਤੀ ਗਈ ਤੇ ਉਨ੍ਹਾਂ ਨੂੰ ਸਮਾਜਿਕ ਦੂਰੀ ਦਾ ਖਿਆਲ ਰੱਖਦਿਆਂ ਬਿਠਾਇਆ ਗਿਆ। ਦੂਜੇ ਪਾਸੇ ਸ਼ਹਿਰ ਦੇ ਕਈ ਕਾਲਜਾਂ ਦੇ ਹੋਸਟਲ ਖੁੱਲ੍ਹਣ ਮਗਰੋਂ ਵੀ ਅੱਜ ਕੋਈ ਵਿਦਿਆਰਥੀ ਨਹੀਂ ਆਇਆ। ਕਾਲਜ ਪ੍ਰਬੰਧਕਾਂ ਨੇ ਕਿਹਾ ਕਿ ਇਸ ਵੇਲੇ ਮਿਡ ਟਰਮ ਪ੍ਰੀਖਿਆਵਾਂ ਚੱਲ ਰਹੀਆਂ ਹਨ ਜਿਸ ਕਰ ਕੇ ਵਿਦਿਆਰਥੀ ਕਾਲਜ ਤੇ ਹੋਸਟਲ ਨਹੀਂ ਆ ਰਹੇ।
ਐਂਟਰੀ ਲੈਵਲ ਜਮਾਤਾਂ ਵਿਚ ਦਾਖਲਾ ਪ੍ਰਕਿਰਿਆ ਅੱਜ ਤੋਂ
ਚੰਡੀਗੜ੍ਹ ਦੇ ਪ੍ਰਾਈਵੇਟ ਸਕੂਲਾਂ ਵਿਚ ਐਂਟਰੀ ਲੈਵਲ ਜਮਾਤਾਂ ਵਿਚ ਦਾਖਲਾ ਪ੍ਰਕਿਰਿਆ ਭਲਕੇ ਤੋਂ ਸ਼ੁਰੂ ਹੋ ਜਾਵੇਗੀ। ਸ਼ਹਿਰ ਦੇ ਕਈ ਮੋਹਰੀ ਸਕੂਲਾਂ ਨੇ ਐਂਟਰੀ ਲੈਵਲ ਜਮਾਤਾਂ ਵਿਚ ਦਾਖਲਿਆਂ ਦੀਆਂ ਤਾਰੀਖਾਂ, ਸੀਟਾਂ ਤੇ ਹੋਰ ਵੇਰਵੇ ਅਪਲੋਡ ਕਰ ਦਿੱਤੇ ਹਨ ਤੇ ਸ਼ਹਿਰ ਦੇ ਚਾਰ ਕਾਨਵੈਂਟ ਸਕੂਲਾਂ ਕਾਰਮਲ ਕਾਨਵੈਂਟ ਸਕੂਲ ਸੈਕਟਰ-9, ਸੇਂਟ ਜੌਹਨਜ਼ ਸਕੂਲ ਸੈਕਟਰ-26, ਸੇਕਰਡ ਹਾਰਟ ਸਕੂਲ ਸੈਕਟਰ-26 ਤੇ ਸੇਂਟ ਐਨੀਜ਼ ਸਕੂਲ ਸੈਕਟਰ-32 ਵਿਚ ਡਰਾਅ 22 ਜਨਵਰੀ ਨੂੰ ਕੱਢੇ ਜਾਣਗੇ। ਸਿੱਖਿਆ ਵਿਭਾਗ ਨੇ ਸ਼ਹਿਰ ਦੇ ਸਕੂਲਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਸਕੂਲ ਆਨਲਾਈਨ ਡਰਾਅ ਕੱਢਣਗੇ ਤੇ ਮਾਪੇ ਵੀ ਸਕੂਲਾਂ ਦੀ ਵੈਬਸਾਈਟ ਤੋਂ ਆਨਲਾਈਨ ਹੀ ਫਾਰਮ ਅਪਲੋਡ ਕਰਨਗੇ ਤੇ ਕੋਈ ਵੀ ਸਕੂਲ ਫਾਰਮ ਜਮ੍ਹਾਂ ਕਰਵਾਉਣ ਵੇਲੇ ਸੌ ਰੁਪਏ ਤੋਂ ਜ਼ਿਆਦਾ ਫੀਸ ਨਹੀਂ ਲੈ ਸਕੇਗਾ।