ਪੀ.ਪੀ. ਵਰਮਾ
ਪੰਚਕੂਲਾ, 24 ਅਕਤੂਬਰ
ਦੁਰਗਾ ਅਸ਼ਟਮੀ ਅਤੇ ਕੰਜਕਾਂ ਦੇ ਪੂਜਣ ਮਗਰੋਂ ਮਾਤਾ ਮਨਸਾ ਦੇਵੀ ਮੰਦਰ ਵਿੱਚ ਨਰਾਤਿਆਂ ਦਾ ਮੇਲਾ ਅੱਜ ਸਮਾਪਤ ਹੋ ਗਿਆ। ਮੇਲੇ ਦੌਰਾਨ ਵੱਡੀ ਗਿਣਤੀ ਸ਼ਰਧਾਲੂਆਂ ਨੇ ਮਾਤਾ ਮਨਸਾ ਦੇਵੀ ਦੇ ਦਰਸ਼ਨ ਕੀਤੇ। ਅੱਜ ਸਵੇਰੇ 4.00 ਵਜੇ ਤੋਂ ਹੀ ਸਮਾਜਿਕ ਦੂਰੀ ਕਾਇਮ ਰੱਖਦੇ ਹੋਏ ਸ਼ਰਧਾਲੂ ਲਾਈਨਾਂ ਵਿੱਚ ਖੜ੍ਹ ਕੇ ਮੱਥਾ ਟੇਕਣ ਲਈ ਊਡੀਕ ਕਰ ਰਹੇ ਸਨ। ਪੂਜਾ ਸਥੱਲ ਬੋਰਡ ਦੇ ਸੀਈਓ ਐਮ.ਐੱਸ. ਯਾਦਵ ਨੇ ਦੱਸਿਆ ਕਿ ਅੱਜ ਅੱਠਵੇਂ ਦਿਨ ਮਾਤਾ ਮਨਸਾ ਦੇਵੀ ਮੰਦਰ ਤੇ ਪੂਜਾ ਸਥੱਲ ਬੋਰਡ ਦੇ ਅਧੀਨ ਪੈਂਦੇ ਕਾਲੀ ਮਾਤਾ ਮੰਦਰ ਕਾਲਕਾ ਵਿੱਚ ਵੀ ਕਾਫੀ ਰੌਣਕ ਰਹੀ ਤੇ ਮੇਲੇ ਦੇ ਅਖੀਰਲੇ ਦਿਨ ਦੋਹਾਂ ਮੰਦਰਾਂ ਵਿੱਚ 12.5 ਲੱਖ ਤੋਂ ਵੱਧ ਚੜ੍ਹਾਵਾ ਚੜਿ੍ਹਆ। ਉਨ੍ਹਾਂ ਦੱਸਿਆ ਕਿ ਮਾਤਾ ਮਨਸਾ ਦੇਵੀ ਮੰਦਰ ਵਿੱਚ ਅੱਜ 2 ਸੋਨੇ ਦੇ ਨਗ, 76 ਚਾਂਦੀ ਦੇ ਨਗ ਅਤੇ ਕਾਲੀ ਮਾਤਾ ਮੰਦਰ ਵਿੱਚ ਇਕ ਸੋਨੇ ਦਾ ਨਗ ਅਤੇ 37 ਚਾਂਦੀ ਦੇ ਨਗ ਚੜ੍ਹੇ। ਇਸ ਤੋਂ ਇਲਾਵਾ ਸ਼ਰਧਾਲੂਆਂ ਨੇ ਡਾਲਰ ਵੀ ਚੜ੍ਹਾਏ। ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਦੁਨੀਆਂ ਵਿੱਚ ਕਰੋਨਾ ਦੇ ਖਾਤਮੇ ਲਈ ਯੱਗ ਵੀ ਕੀਤੇ ਗਏ।